ਅੰਮ੍ਰਿਤਸਰ :- (GNDU) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਕਰਮਜੀਤ ਸਿੰਘ ਵੱਲੋਂ ਕੋਚੀ ‘ਚ ਹੋਏ ਇੱਕ ਪ੍ਰੋਗਰਾਮ ਦੌਰਾਨ ਗੁਰੂ ਨਾਨਕ ਦੇਵ ਜੀ ਦੀ ਫ਼ਿਲਾਸਫ਼ੀ ਨੂੰ “ਵੇਦਾਂਤ” ਨਾਲ ਜੋੜਨ ਬਾਰੇ ਆਏ ਵਿਵਾਦਿਤ ਵੀਡੀਓ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਇਸ ਮਾਮਲੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਨੇ ਵਾਈਸ-ਚਾਂਸਲਰ ਨੂੰ ਨਿੱਜੀ ਤੌਰ ‘ਤੇ ਹਾਜ਼ਰੀ ਦੇ ਕੇ 15 ਦਿਨਾਂ ਵਿੱਚ ਸਪਸ਼ਟੀਕਰਣ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਸ਼ਿਕਾਇਤਾਂ ਮਗਰੋਂ ਅਕਾਲ ਤਖ਼ਤ ਦੀ ਕਾਰਵਾਈ
ਅਕਾਲ ਤਖ਼ਤ ਸਕੱਤਰਾਲੇ ਦੇ ਇੰਚਾਰਜ ਬਗੀਚਾ ਸਿੰਘ ਨੇ ਦੱਸਿਆ ਕਿ ਹਾਲ ਹੀ ਵਿੱਚ ਇਸ ਸੰਬੰਧੀ ਕਈ ਲਿਖਤੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚ ਸਿੱਖ ਭਾਵਨਾਵਾਂ ਨੂੰ ਟੀਸ ਪਹੁੰਚਣ ਦੇ ਆਰੋਪ ਲਗਾਏ ਗਏ ਹਨ। ਇਹ ਸ਼ਿਕਾਇਤਾਂ ਦੀ ਪੜਤਾਲ ਕਰਨ ਤੋਂ ਬਾਅਦ, ਕਾਰਜਕਾਰੀ ਜਥੇਦਾਰ ਨੇ ਵਾਈਸ-ਚਾਂਸਲਰ ਨੂੰ ਸਿੱਧਾ ਹਾਜ਼ਰ ਹੋ ਕੇ ਆਪਣਾ ਪੱਖ ਰੱਖਣ ਲਈ ਕਿਹਾ ਹੈ।
SGPC ਪੈਨਲ ਤੋਂ ਹਟਾਏ ਜਾਣ ਤੋਂ ਬਾਅਦ ਨਵਾਂ ਝਟਕਾ
ਯਾਦ ਰਹੇ ਕਿ ਇਸੇ ਵਿਵਾਦ ਮਗਰੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਡਾ. ਕਰਮਜੀਤ ਸਿੰਘ ਨੂੰ ਅਕਾਲ ਤਖ਼ਤ ਜਥੇਦਾਰ ਦੀ ਨਿਯੁਕਤੀ ਲਈ ਨਿਯਮ ਤਿਆਰ ਕਰਨ ਵਾਲੇ ਪੈਨਲ ਤੋਂ ਹਟਾ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਡਾ. ਕਰਮਜੀਤ ਸਿੰਘ ਨੇ ਆਪਣੇ ਉੱਤੇ ਲੱਗੇ ਸਾਰੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਵੀਡੀਓ ਦੇ ਕੁਝ ਹਿੱਸੇ ਜਾਣ-ਬੁੱਝ ਕੇ ਕੱਟੇ ਗਏ ਹਨ, ਤਾਂ ਜੋ ਗਲਤ ਸੰਦੇਸ਼ ਦਿੱਤਾ ਜਾ ਸਕੇ।