ਸਿਰਫ਼ ਅੰਕਾਂ ਦੀ ਰੀਚੈਕਿੰਗ ਨਹੀਂ, ਹੁਣ ਉੱਤਰਾਂ ਦੀ ਗੁਣਵੱਤਾ ਵੀ ਵੇਖੇਗਾ ਬੋਰਡ
ਮੁਹਾਲੀ :- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਵੱਡਾ ਫੈਸਲਾ ਲੈਂਦੇ ਹੋਏ ਉਨ੍ਹਾਂ ਦੀਆਂ ਉੱਤਰ ਪੱਤਰੀਆਂ ਦੀ ਸਿਰਫ ਰੀਚੈਕਿੰਗ ਨਹੀਂ, ਬਲਕਿ ਮੁੜ-ਮੁੱਲਾਂਕਣ (ਰਿਵੈਲੂਏਸ਼ਨ) ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਪਹਿਲਾਂ ਇਹ ਪ੍ਰਕਿਰਿਆ ਸਿਰਫ ਅੰਕਾਂ ਦੇ ਦੁਬਾਰਾ ਜੋੜ ਤੱਕ ਸੀਮਤ ਸੀ, ਪਰ ਹੁਣ ਉੱਤਰਾਂ ਦੀ ਸਮੀਖਿਆ ਵੀ ਕੀਤੀ ਜਾਵੇਗੀ।
ਅੱਠਵੀਂ ਜਮਾਤ ਲਈ ਰੀਚੈਕਿੰਗ ਹੀ ਰਹੇਗੀ ਜਾਰੀ
ਬੋਰਡ ਆਫ਼ ਡਾਇਰੈਕਟਰਜ਼ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਇਹ ਤੈਅ ਕੀਤਾ ਗਿਆ ਕਿ ਅੱਠਵੀਂ ਜਮਾਤ ਦੀਆਂ ਉੱਤਰ ਪੱਤਰੀਆਂ ਦੀ ਸਿਰਫ਼ ਰੀਚੈਕਿੰਗ ਹੀ ਹੋਵੇਗੀ, ਜਦਕਿ ਦਸਵੀਂ ਅਤੇ ਬਾਰਵੀਂ ਜਮਾਤ ਲਈ ਰੀਚੈਕਿੰਗ ਦੇ ਨਾਲ-ਨਾਲ ਮੁੜ-ਮੁੱਲਾਂਕਣ ਦੀ ਵੀ ਵਿਵਸਥਾ ਕੀਤੀ ਜਾਵੇਗੀ।
ਵਿਦਿਆਰਥੀਆਂ ਨੂੰ ਮਿਲੇਗਾ ਨਿਆਂ, ਹੋਰ ਵਧੇਗਾ ਵਿਸ਼ਵਾਸ
ਇਸ ਫੈਸਲੇ ਨਾਲ ਉਹ ਵਿਦਿਆਰਥੀ ਜੋ ਆਪਣੇ ਨਤੀਜੇ ‘ਤੇ ਸੰਤੁਸ਼ਟ ਨਹੀਂ ਹਨ, ਉਹ ਹੁਣ ਨਿਰਭੀਕ ਹੋ ਕੇ ਮੁੜ-ਮੁੱਲਾਂਕਣ ਦੀ ਅਰਜ਼ੀ ਦੇ ਸਕਣਗੇ। ਇਹ ਕਦਮ ਵਿਦਿਆਰਥੀਆਂ ਵਿੱਚ ਭਰੋਸਾ ਵਧਾਉਣ ਅਤੇ ਬੋਰਡ ਦੀ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਬਣਾਉਣ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।