ਪਟਿਆਲਾ :- ਪਟਿਆਲਾ ਦੇ ਪ੍ਰਸਿੱਧ ਰਜਿੰਦਰਾ ਹਸਪਤਾਲ ਵਿੱਚ ਮੰਗਲਵਾਰ ਨੂੰ ਵਾਪਰੀ ਇਕ ਹੈਰਾਨ ਕਰਨ ਵਾਲੀ ਘਟਨਾ ਨੇ ਸੂਬੇ ਭਰ ਵਿੱਚ ਚਰਚਾ ਛੇੜ ਦਿੱਤੀ ਸੀ। ਹਸਪਤਾਲ ਦੇ ਵਾਰਡ ਨੰਬਰ-4 ਦੇ ਨੇੜੇ ਇੱਕ ਕੁੱਤਾ ਨਵਜੰਮੇ ਬੱਚੇ ਦਾ ਸਿਰ ਆਪਣੇ ਮੂੰਹ ਵਿੱਚ ਲੈ ਕੇ ਘੁੰਮਦਾ ਦਿੱਖਿਆ, ਜਿਸ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਸਾਹਮਣੇ ਆਉਂਦੇ ਹੀ ਸਿਹਤ ਵਿਭਾਗ ਅਤੇ ਸਥਾਨਕ ਪੁਲਿਸ ਹਰਕਤ ਵਿੱਚ ਆ ਗਏ।
ਮ੍ਰਿਤਕ ਬੱਚਾ ਕੂੜੇ ਵਿੱਚ ਕਿਉਂ ਸੁੱਟਿਆ ਗਿਆ?
ਪੁਲਿਸ ਵੱਲੋਂ ਕੀਤੀ ਗਈ ਜਾਂਚ ਅਤੇ ਪ੍ਰੈਸ ਕਾਨਫਰੰਸ ਵਿੱਚ ਖੁਲਾਸਾ ਕੀਤਾ ਗਿਆ ਕਿ ਇਹ ਨਵਜੰਮਿਆ ਬੱਚਾ ਜਨਮ ਤੋਂ ਪਹਿਲਾਂ ਹੀ ਮ੍ਰਿਤਕ ਸੀ। ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਜਨਮ ਤੋਂ ਬਾਅਦ ਮ੍ਰਿਤਕ ਬੱਚੇ ਦੀ ਲਾਸ਼ ਉਸਦੇ ਪਰਿਵਾਰ ਨੂੰ ਸੌਂਪੀ ਗਈ ਸੀ। ਪਰਿਵਾਰ ਵੱਲੋਂ ਰਸਮੀ ਅੰਤਿਮ ਸਸਕਾਰ ਕਰਨ ਦੀ ਥਾਂ ਉਸ ਲਾਸ਼ ਨੂੰ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ ਗਿਆ।
ਪਿਤਾ ਗਿਰਦਾਰੀ ਲਾਲ ਗ੍ਰਿਫ਼ਤਾਰ
ਇਸ ਮਾਮਲੇ ਵਿੱਚ ਪੁਲਿਸ ਨੇ ਬੱਚੇ ਦੇ ਪਿਤਾ ਗਿਰਦਾਰੀ ਲਾਲ ਉੱਤੇ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੇ ਹੋਰ ਪੱਖਾਂ ਦੀ ਜਾਂਚ ਜਾਰੀ ਹੈ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਿਹਤ ਮੰਤਰੀ ਨੇ ਮੰਗੀ ਸੀ ਪੂਰੀ ਰਿਪੋਰਟ
ਇਸ ਘਟਨਾ ਨੂੰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਗੰਭੀਰਤਾ ਨਾਲ ਲੈਂਦੇ ਹੋਏ ਹਸਪਤਾਲ ਪ੍ਰਬੰਧਨ ਅਤੇ ਸਥਾਨਕ ਪੁਲਿਸ ਨੂੰ ਹਰ ਪਹਿਲੂ ਤੋਂ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਮਿਲੇ ਸਿਰ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਸੀ। ਸਿਹਤ ਮੰਤਰੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਸਾਹਮਣੇ ਆਉਣ ‘ਤੇ ਜ਼ਿੰਮੇਵਾਰਾਂ ਨੂੰ ਛੱਡਿਆ ਨਹੀਂ ਜਾਵੇਗਾ।
ਹਸਪਤਾਲ ਪ੍ਰਬੰਧਨ ਨੇ ਦਿੱਤਾ ਸਪੱਸ਼ਟੀਕਰਨ
ਰਜਿੰਦਰਾ ਹਸਪਤਾਲ ਦੇ ਮੈਡਿਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਨੇ ਕਿਹਾ ਕਿ ਹਾਲ ਹੀ ਵਿੱਚ ਜਨਮੇ ਸਾਰੇ ਬੱਚੇ ਸੁਰੱਖਿਅਤ ਹਨ ਅਤੇ ਹਸਪਤਾਲ ਤੋਂ ਕੋਈ ਵੀ ਨਵਜੰਮਿਆ ਬੱਚਾ ਗੁੰਮ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹਾਲੀਆਂ ਦਿਨਾਂ ਵਿੱਚ ਤਿੰਨ ਬੱਚਿਆਂ ਦੀ ਮੌਤ ਹੋਈ ਸੀ, ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਦਸਤਾਵੇਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਪਰਿਵਾਰਾਂ ਦੇ ਹਵਾਲੇ ਕੀਤਾ ਗਿਆ ਸੀ।