ਚੰਡੀਗੜ੍ਹ :- ਪੰਜਾਬ ਦੇ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਭੈਣੀ ਚੂਹੜ ਵਿੱਚ ਪੰਚਾਇਤ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਕ ਅਹੰਕਾਰਪੂਰਕ ਫ਼ੈਸਲਾ ਲਿਆ ਗਿਆ ਹੈ। ਪਿੰਡ ਦੀ ਗ੍ਰਾਮ ਪੰਚਾਇਤ ਨੇ ਸਰਬ-ਸੰਮਤੀ ਨਾਲ ਪਤੰਗਬਾਜ਼ੀ ’ਤੇ ਪੂਰਨ ਪਾਬੰਦੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ।
ਇਸ ਫ਼ੈਸਲੇ ਅਧੀਨ ਹੁਣ ਪਿੰਡ ਦੀ ਹੱਦ ਅੰਦਰ ਨਾ ਤਾਂ ਪਤੰਗ ਵੇਚੀ ਜਾ ਸਕੇਗੀ ਅਤੇ ਨਾ ਹੀ ਕਿਸੇ ਨੂੰ ਪਤੰਗ ਉਡਾਉਣ ਦੀ ਇਜਾਜ਼ਤ ਹੋਵੇਗੀ।
ਕਿਉਂ ਲੋੜ ਪਈ ਇਹ ਕੜਾ ਕਦਮ ਚੁੱਕਣ ਦੀ
ਮਿਲੀ ਜਾਣਕਾਰੀ ਮੁਤਾਬਕ ਰਾਮਾ ਮੰਡੀ ਖੇਤਰ ਅਧੀਨ ਆਉਂਦੇ ਇਸ ਪਿੰਡ ਵਿੱਚ ਪਿਛਲੇ ਕੁਝ ਸਮੇਂ ਤੋਂ ਚਾਈਨਾ ਡੋਰ ਦੀ ਵਰਤੋਂ ਵਧ ਰਹੀ ਸੀ। ਇਸ ਖ਼ਤਰਨਾਕ ਡੋਰ ਨਾਲ ਵਾਪਰ ਰਹੇ ਹਾਦਸਿਆਂ ਨੇ ਪੰਚਾਇਤ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ।
ਚਾਈਨਾ ਡੋਰ ਕਾਰਨ ਨਾ ਸਿਰਫ਼ ਮੋਟਰਸਾਈਕਲ ਸਵਾਰਾਂ ਅਤੇ ਰਾਹਗੀਰਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ, ਸਗੋਂ ਕਈ ਥਾਵਾਂ ’ਤੇ ਪੰਛੀਆਂ ਦੀ ਮੌਤ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਸਾਰੇ ਪੱਖਾਂ ਨੂੰ ਵੇਖਦਿਆਂ ਪੰਚਾਇਤ ਨੇ ਸਖ਼ਤ ਫ਼ੈਸਲਾ ਲੈਣਾ ਜ਼ਰੂਰੀ ਸਮਝਿਆ।
ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
ਪਿੰਡ ਭੈਣੀ ਚੂਹੜ ਦੀ ਪੰਚਾਇਤ ਨੇ ਸਾਫ਼ ਕੀਤਾ ਹੈ ਕਿ ਜੇਕਰ ਕੋਈ ਵਿਅਕਤੀ ਇਸ ਫ਼ੈਸਲੇ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੰਚਾਇਤ ਨੇ ਇਹ ਵੀ ਕਿਹਾ ਹੈ ਕਿ ਇਹ ਫ਼ੈਸਲਾ ਕਿਸੇ ਇਕ ਵਿਅਕਤੀ ਨਹੀਂ, ਸਗੋਂ ਪੂਰੇ ਪਿੰਡ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ।
ਚਾਈਨਾ ਡੋਰ ਬਣ ਚੁੱਕੀ ਹੈ ਮੌਤ ਦਾ ਕਾਰਨ
ਗੌਰਤਲਬ ਹੈ ਕਿ ਸਿਰਫ਼ ਪੰਜਾਬ ਹੀ ਨਹੀਂ, ਦੇਸ਼ ਦੇ ਕਈ ਸੂਬਿਆਂ ਵਿੱਚ ਚਾਈਨਾ ਡੋਰ ਅਤੇ ਪਤੰਗ ਲੁੱਟਣ ਦੌਰਾਨ ਵਾਪਰੀਆਂ ਘਟਨਾਵਾਂ ਵਿੱਚ ਅਨੇਕਾਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਇਨ੍ਹਾਂ ਘਟਨਾਵਾਂ ਤੋਂ ਸਿੱਖ ਲੈਂਦਿਆਂ ਭੈਣੀ ਚੂਹੜ ਪੰਚਾਇਤ ਵੱਲੋਂ ਲਿਆ ਗਿਆ ਇਹ ਫ਼ੈਸਲਾ ਹੁਣ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

