ਚੰਡੀਗੜ੍ਹ :- ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਸੁਰੱਖਿਆ ਨੂੰ ਲੈ ਕੇ ਸੂਬਾ ਸਰਕਾਰ ਨੇ ਅਹਿਮ ਕਦਮ ਚੁੱਕਿਆ ਹੈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਸਾਰੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲਾਂ ਵਿੱਚ 200 ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦੇ ਅਧਿਕਾਰਕ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਤਾਇਨਾਤੀ ਜਨਵਰੀ 2026 ਤੋਂ ਅਮਲ ਵਿੱਚ ਆਵੇਗੀ।
ਡਾਕਟਰਾਂ ‘ਤੇ ਵਧ ਰਹੀ ਹਿੰਸਾ ਬਣੀ ਕਾਰਨ
ਇਹ ਫ਼ੈਸਲਾ ਡਾਕਟਰਾਂ ਦੀ ਸੁਰੱਖਿਆ ਸਬੰਧੀ ਲੰਬੇ ਸਮੇਂ ਤੋਂ ਉਠ ਰਹੀਆਂ ਚਿੰਤਾਵਾਂ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਹਸਪਤਾਲਾਂ ਅੰਦਰ ਵਾਪਰੀਆਂ ਹਿੰਸਕ ਘਟਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਪੀ. ਸੀ. ਐੱਮ. ਐੱਸ. ਐਸੋਸੀਏਸ਼ਨ ਵੱਲੋਂ ਵੀ ਲਗਾਤਾਰ ਸਰਕਾਰ ਕੋਲ ਸੁਰੱਖਿਅਤ ਕੰਮਕਾਜੀ ਮਾਹੌਲ ਦੀ ਮੰਗ ਕੀਤੀ ਜਾ ਰਹੀ ਸੀ।
ਸਿਰਫ਼ ‘ਪੈਸਕੋ’ ਰਾਹੀਂ ਹੋਵੇਗੀ ਭਰਤੀ
ਸਿਹਤ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਸੁਰੱਖਿਆ ਕਰਮਚਾਰੀਆਂ ਦੀ ਭਰਤੀ ਕੇਵਲ ‘ਪੈਸਕੋ’ (PESCO) ਏਜੰਸੀ ਦੇ ਮਾਧਿਅਮ ਰਾਹੀਂ ਕੀਤੀ ਜਾਵੇਗੀ। ਜਨਵਰੀ ਅਤੇ ਫਰਵਰੀ 2026 ਦੌਰਾਨ ਇਨ੍ਹਾਂ ਕਰਮਚਾਰੀਆਂ ਦੀ ਤਨਖ਼ਾਹ ਲਈ ਖ਼ਰਚਾ ਈ. ਆਰ. ਐੱਫ. ਅਤੇ ਹਸਪਤਾਲਾਂ ਦੇ ਯੂਜ਼ਰ ਚਾਰਜ ਫੰਡਾਂ ਤੋਂ ਪੂਰਾ ਕੀਤਾ ਜਾਵੇਗਾ।
ਕੁਝ ਹਸਪਤਾਲਾਂ ਨੂੰ ਖ਼ੁਦ ਭੁਗਤਾਨ ਦੀ ਜ਼ਿੰਮੇਵਾਰੀ
ਹੁਕਮਾਂ ਮੁਤਾਬਕ ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਐੱਸ. ਬੀ. ਐੱਸ. ਨਗਰ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ ਆਪਣੇ ਪੱਧਰ ‘ਤੇ ਯੂਜ਼ਰ ਚਾਰਜ ਫੰਡਾਂ ਵਿੱਚੋਂ ਸੁਰੱਖਿਆ ਕਰਮਚਾਰੀਆਂ ਦੀ ਤਨਖ਼ਾਹ ਦਾ ਪ੍ਰਬੰਧ ਕਰਨਗੇ। ਮਾਰਚ 2026 ਤੋਂ ਬਾਅਦ ਵਿੱਤੀ ਸਾਲ 2026-27 ਦੇ ਬਜਟ ਵਿੱਚ ਇਸ ਲਈ ਵੱਖਰਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਡਾਇਰੈਕਟਰ ਸਿਹਤ ਸੇਵਾਵਾਂ ਦੇ ਜੇ. ਸੀ. ਐੱਫ. ਏ. ਨੂੰ ਸੌਂਪੀ ਗਈ ਹੈ।
ਜ਼ਿਲ੍ਹਾ ਵਾਰ ਸੁਰੱਖਿਆ ਗਾਰਡਾਂ ਦੀ ਵੰਡ
ਜ਼ਿਲ੍ਹਾ ਵਾਰ ਜਾਰੀ ਅੰਕੜਿਆਂ ਅਨੁਸਾਰ ਲੁਧਿਆਣਾ ਨੂੰ ਸਭ ਤੋਂ ਵੱਧ 12 ਸੁਰੱਖਿਆ ਕਰਮਚਾਰੀ ਮਿਲਣਗੇ। ਅੰਮ੍ਰਿਤਸਰ, ਜਲੰਧਰ, ਬਠਿੰਡਾ ਅਤੇ ਪਟਿਆਲਾ ਨੂੰ 11-11 ਗਾਰਡ ਦਿੱਤੇ ਗਏ ਹਨ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ 7 ਤੋਂ 9 ਤੱਕ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ।
ਤਿੰਨ ਪੜਾਵਾਂ ‘ਚ ਮਿਲੇਗੀ ਸੁਰੱਖਿਆ
ਸਰਕਾਰੀ ਜਾਣਕਾਰੀ ਅਨੁਸਾਰ ਸੁਰੱਖਿਆ ਪ੍ਰਬੰਧ ਤਿੰਨ ਪੜਾਵਾਂ ਵਿੱਚ ਲਾਗੂ ਕੀਤੇ ਜਾਣਗੇ। ਪਹਿਲੇ ਪੜਾਅ ‘ਚ ਜ਼ਿਲ੍ਹਾ ਹਸਪਤਾਲਾਂ ਨੂੰ ਕਵਰ ਕੀਤਾ ਗਿਆ ਹੈ, ਜਦਕਿ ਅਗਲੇ ਪੜਾਵਾਂ ਵਿੱਚ ਇਹ ਸੁਰੱਖਿਆ ਬਲਾਕ ਪੱਧਰੀ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਤੱਕ ਵਧਾਈ ਜਾਵੇਗੀ।
ਸਾਲ ਭਰ ‘ਚ ਕਰੀਬ 60 ਹਿੰਸਕ ਮਾਮਲੇ
ਸਰਕਾਰੀ ਅੰਕੜਿਆਂ ਮੁਤਾਬਕ ਸਾਲ 2024-25 ਦੌਰਾਨ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਡਿਊਟੀ ਸਟਾਫ਼ ਨਾਲ ਲਗਭਗ 60 ਵਾਰ ਹੱਥੋਪਾਈ ਅਤੇ ਝਗੜਿਆਂ ਦੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਵਿੱਚੋਂ ਕਰੀਬ 20 ਗੰਭੀਰ ਮਾਮਲਿਆਂ ਵਿੱਚ ਪੁਲਿਸ ਨੂੰ ਐੱਫ. ਆਈ. ਆਰ. ਦਰਜ ਕਰਨੀ ਪਈ, ਜਿਸ ਨਾਲ ਸਤੰਬਰ 2024 ਵਿੱਚ ਡਾਕਟਰਾਂ ਨੂੰ ਹੜਤਾਲ ਤੱਕ ਕਰਨੀ ਪਈ ਸੀ।
ਡਾਕਟਰੀ ਭਾਈਚਾਰੇ ਵੱਲੋਂ ਫ਼ੈਸਲੇ ਦਾ ਸਵਾਗਤ
ਪੀ. ਸੀ. ਐੱਮ. ਐੱਸ. ਯੂਨੀਅਨ ਦੇ ਆਗੂ ਅਖਿਲ ਸਰੀਨ ਨੇ ਸਰਕਾਰ ਦੇ ਇਸ ਕਦਮ ਨੂੰ ਡਾਕਟਰਾਂ ਦੇ ਸੰਘਰਸ਼ ਦੀ ਵੱਡੀ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਡਾਕਟਰ ਡਿਊਟੀ ਦੌਰਾਨ ਡਰ ਦੇ ਮਾਹੌਲ ਵਿੱਚ ਕੰਮ ਕਰ ਰਹੇ ਸਨ। ਹੁਣ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਨਾਲ ਡਾਕਟਰ ਨਿਸ਼ਚਿੰਤ ਹੋ ਕੇ ਮਰੀਜ਼ਾਂ ਦੀ ਸੇਵਾ ਕਰ ਸਕਣਗੇ। ਨਾਲ ਹੀ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਟਾਫ਼ ਦੀ ਕਮੀ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਵੀ ਧਿਆਨ ਦਿੱਤਾ ਜਾਵੇ, ਤਾਂ ਜੋ ਪੰਜਾਬ ਦਾ ਸਿਹਤ ਪ੍ਰਣਾਲੀ ਹੋਰ ਮਜ਼ਬੂਤ ਬਣ ਸਕੇ।

