ਚੰਡੀਗੜ੍ਹ :- ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਨਾਲ ਲੰਮੇ ਸਮੇਂ ਤੱਕ ਜੁੜੇ ਰਹੇ ਇੰਦਰਜੀਤ ਸਿੰਘ ਬਿੰਦਰਾ ਦਾ ਨਵੀਂ ਦਿੱਲੀ ਸਥਿਤ ਉਨ੍ਹਾਂ ਦੇ ਨਿਵਾਸ ’ਚ ਦਿਹਾਂਤ ਹੋ ਗਿਆ। ਉਹ 84 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਦਿਹਾਂਤ ਨਾਲ ਭਾਰਤੀ ਕ੍ਰਿਕਟ ਪ੍ਰਸ਼ਾਸਨ ਨੂੰ ਇਕ ਅਜਿਹਾ ਨੁਕਸਾਨ ਪਹੁੰਚਿਆ ਹੈ, ਜਿਸਦੀ ਭਰਪਾਈ ਕਰਨੀ ਮੁਸ਼ਕਲ ਮੰਨੀ ਜਾ ਰਹੀ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਲੋਧੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਖਾਣੇ ਤੋਂ ਬਾਅਦ ਅਚਾਨਕ ਵਿਗੜੀ ਸਿਹਤ
ਪਰਿਵਾਰਕ ਸੂਤਰਾਂ ਅਨੁਸਾਰ ਇੰਦਰਜੀਤ ਸਿੰਘ ਬਿੰਦਰਾ ਨੇ ਦੁਪਹਿਰ ਦਾ ਖਾਣਾ ਕਰਨ ਉਪਰੰਤ ਅਚਾਨਕ ਅਸੁਸਥਤਾ ਮਹਿਸੂਸ ਕੀਤੀ, ਜਿਸ ਮਗਰੋਂ ਉਨ੍ਹਾਂ ਦੀ ਤਬੀਅਤ ਤੇਜ਼ੀ ਨਾਲ ਵਿਗੜ ਗਈ। ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਫੈਲਦੇ ਹੀ ਖੇਡ ਜਗਤ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ।
ਚਾਰ ਦਹਾਕਿਆਂ ਤੋਂ ਵੱਧ ਕ੍ਰਿਕਟ ਪ੍ਰਸ਼ਾਸਨ ਨਾਲ ਅਟੁੱਟ ਨਾਤਾ
ਇੰਦਰਜੀਤ ਸਿੰਘ ਬਿੰਦਰਾ ਇੱਕ ਸਾਬਕਾ ਆਈਏਐਸ ਅਧਿਕਾਰੀ ਰਹੇ ਹਨ, ਜਿਨ੍ਹਾਂ ਦਾ ਕ੍ਰਿਕਟ ਪ੍ਰਸ਼ਾਸਨ ਨਾਲ ਸਫ਼ਰ ਸਾਲ 1975 ਤੋਂ ਸ਼ੁਰੂ ਹੋਇਆ। ਉਨ੍ਹਾਂ ਨੇ 1978 ਤੋਂ 2014 ਤੱਕ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਲਗਭਗ ਤਿੰਨ ਦਹਾਕਿਆਂ ਤੱਕ ਸੇਵਾ ਨਿਭਾਈ। ਸਾਲ 1993 ਤੋਂ 1996 ਤੱਕ ਉਹ ਬੀਸੀਸੀਆਈ ਦੇ ਪ੍ਰਧਾਨ ਰਹੇ, ਜਦੋਂ ਭਾਰਤੀ ਕ੍ਰਿਕਟ ਅੰਤਰਰਾਸ਼ਟਰੀ ਪੱਧਰ ’ਤੇ ਨਵੀਂ ਪਹਿਚਾਣ ਬਣਾ ਰਿਹਾ ਸੀ। ਬਾਅਦ ਵਿੱਚ 2015 ਵਿੱਚ ਉਨ੍ਹਾਂ ਨੂੰ ਪੀਸੀਏ ਦਾ ਚੇਅਰਮੈਨ ਵੀ ਚੁਣਿਆ ਗਿਆ।
ਰਾਸ਼ਟਰਪਤੀ ਦੇ ਵਿਸ਼ੇਸ਼ ਸਕੱਤਰ ਤੋਂ ਕ੍ਰਿਕਟ ਦੇ ਮਾਰਗਦਰਸ਼ਕ ਤੱਕ
1980 ਦੇ ਦਹਾਕੇ ਦੌਰਾਨ ਇੰਦਰਜੀਤ ਸਿੰਘ ਬਿੰਦਰਾ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਵਿਸ਼ੇਸ਼ ਸਕੱਤਰ ਦੇ ਅਹੁਦੇ ’ਤੇ ਵੀ ਰਹੇ। ਪ੍ਰਸ਼ਾਸਨਿਕ ਤਜਰਬੇ ਅਤੇ ਖੇਡ ਪ੍ਰਤੀ ਸਮਰਪਣ ਨੇ ਉਨ੍ਹਾਂ ਨੂੰ ਕ੍ਰਿਕਟ ਪ੍ਰਬੰਧਨ ਦਾ ਇਕ ਮਜ਼ਬੂਤ ਸਤੰਭ ਬਣਾਇਆ। ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਕ੍ਰਿਕਟ ਨੂੰ ਰਾਸ਼ਟਰੀ ਪੱਧਰ ’ਤੇ ਵੱਖਰੀ ਪਹਿਚਾਣ ਮਿਲੀ।
ਇੰਦਰਜੀਤ ਸਿੰਘ ਬਿੰਦਰਾ ਦੇ ਦਿਹਾਂਤ ’ਤੇ ਬੀਸੀਸੀਆਈ ਦੇ ਸਾਬਕਾ ਸਕੱਤਰ ਅਤੇ ਮੌਜੂਦਾ ਆਈਸੀਸੀ ਚੇਅਰਮੈਨ ਜੈ ਸ਼ਾਹ ਸਮੇਤ ਕਈ ਪ੍ਰਮੁੱਖ ਖੇਡ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ

