ਚੰਡੀਗੜ੍ਹ :- ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਧਾਨ ਸਭਾ ‘ਚ ਕਿਹਾ ਕਿ ਹੜ੍ਹਾਂ ਨੇ ਸੂਬੇ ਦੇ ਖੇਤਾਂ, ਪਿੰਡਾਂ ਅਤੇ ਸ਼ਹਿਰਾਂ ‘ਚ ਵੱਡਾ ਨੁਕਸਾਨ ਕੀਤਾ ਹੈ। ਫਸਲਾਂ ਅਤੇ ਘਰਾਂ ਦੀ ਹਾਨੀ ਨਾਲ ਲੋਕਾਂ ਦੀ ਆਰਥਿਕ ਸਥਿਤੀ ਗੰਭੀਰ ਹੈ। ਭੁੱਲਰ ਨੇ ਕਿਹਾ ਕਿ ਕਈ ਪਿੰਡਾਂ ‘ਚ ਘਰ ਢਹਿ ਚੁੱਕੇ ਹਨ ਅਤੇ ਹੋਰ ਵੀ ਖਤਰੇ ‘ਚ ਹਨ।
ਲੋਕਾਂ ਤੱਕ ਤੁਰੰਤ ਸਹਾਇਤਾ ਯਕੀਨੀ ਬਣਾਉਣੀ ਜ਼ਰੂਰੀ
ਭੁੱਲਰ ਨੇ ਵਿਧਾਇਕਾਂ ਅਤੇ ਮੰਤਰੀਆਂ ਦੀ ਲੋਕ ਸੇਵਾ ਦੀ ਕਦਰ ਕੀਤੀ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਿਨ-ਰਾਤ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਹਾਇਤਾ ਲਈ ਲੱਗੀ ਰਹੀ। ਲੋਕਾਂ ਨੂੰ ਮੁਸ਼ਕਿਲ ਸਮੇਂ ਹੌਂਸਲਾ ਮਿਲਿਆ, ਜੋ ਸਭ ਲਈ ਪ੍ਰੇਰਕ ਹੈ।
ਕੇਂਦਰ ਸਰਕਾਰ ਲਈ ਅਪੀਲ
ਭੁੱਲਰ ਨੇ ਕਿਹਾ ਕਿ ਕੇਂਦਰ ਪੰਜਾਬ ਨਾਲ ਸਹੀ ਰਵੱਈਆ ਨਹੀਂ ਕਰ ਰਿਹਾ। ਉਨ੍ਹਾਂ ਨੇ 1600 ਕਰੋੜ ਰੁਪਏ ਪੈਕੇਜ ਨੂੰ ਕਾਫ਼ੀ ਨਹੀਂ ਮੰਨਿਆ ਅਤੇ ਘੱਟੋ-ਘੱਟ 20,000 ਕਰੋੜ ਦਾ ਵੱਡਾ ਪੈਕੇਜ ਜ਼ਰੂਰ ਦੇਣ ਲਈ ਕਿਹਾ। ਉਨ੍ਹਾਂ ਨੇ ਸਾਰੇ ਧਿਰਾਂ ਨੂੰ ਇਕਜੁੱਟ ਹੋ ਕੇ ਪੰਜਾਬ ਦੇ ਹੱਕ ਲਈ ਮੰਗ ਰੱਖਣ ਦਾ ਸੰਦੇਸ਼ ਵੀ ਦਿੱਤਾ।
ਭੁੱਲਰ ਨੇ ਜੋਰ ਦਿੱਤਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਸੁਚਾਰੂ ਹੋਣੇ ਚਾਹੀਦੇ ਹਨ ਅਤੇ ਲੋਕਾਂ ਦੀ ਆਰਥਿਕ ਸਥਿਤੀ ਸਥਿਰ ਕਰਨ ਲਈ ਸੂਬਾ ਤੇ ਕੇਂਦਰ ਇਕਠੇ ਯਤਨ ਕਰਨ।