ਅੰਮ੍ਰਿਤਸਰ :- ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਅਜਨਾਲਾ ਅਧੀਨ ਭਿੰਡੀ ਸੈਦਾਂ ਪੁਲਿਸ ਥਾਣੇ ਵਿੱਚ ਕੱਲ੍ਹ ਹੋਏ ਧਮਾਕੇ ਤੋਂ ਬਾਅਦ ਇਕ ਪੱਤਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਨੇ ਮਾਮਲੇ ਨੂੰ ਨਵਾਂ ਮੋੜ ਦੇ ਦਿੱਤਾ ਹੈ। ਇਹ ਪੱਤਰ ਕਿਸੇ ਅਣਪਛਾਤੇ ਸੰਗਠਨ ਦੇ ਨਾਂ ‘ਤੇ ਜਾਰੀ ਕੀਤਾ ਗਿਆ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ।
ਪੱਤਰ ‘ਚ ‘ਆਪ੍ਰੇਸ਼ਨ ਖਾਲਸਾ’ ਦਾ ਜ਼ਿਕਰ
ਵਾਇਰਲ ਪੱਤਰ ਵਿੱਚ ਲਿਖਿਆ ਗਿਆ ਹੈ ਕਿ “ਖਾਲਿਸਤਾਨ ਲਿਬਰੇਸ਼ਨ ਆਰਮੀ” ਦੀ ਹਾਈਕਮਾਂਡ ਵੱਲੋਂ 30 ਮਾਰਚ ਨੂੰ ‘ਆਪ੍ਰੇਸ਼ਨ ਖਾਲਸਾ ਨਵਾਂ ਸਵਾਰ’ ਦੇ ਤਹਿਤ ਭਿੰਡੀ ਸੈਦਾਂ ਪੁਲਿਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ। ਪੱਤਰ ਅਨੁਸਾਰ ਇਸ ਕਾਰਵਾਈ ਦੌਰਾਨ ਦੋ ਗ੍ਰਨੇਡ ਹਮਲੇ ਕੀਤੇ ਗਏ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਸੰਗਠਨ ਵੱਲੋਂ ਸਵੀਕਾਰ ਕੀਤੀ ਗਈ ਹੈ।
ਪੁਲਿਸ ਵੱਲੋਂ ਹੁਣ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ
ਦੂਜੇ ਪਾਸੇ, ਸੁਰੱਖਿਆ ਏਜੰਸੀਆਂ ਅਤੇ ਪੁਲਿਸ ਵੱਲੋਂ ਇਸ ਵਾਇਰਲ ਪੱਤਰ ਦੀ ਸੱਚਾਈ ਬਾਰੇ ਅਜੇ ਤੱਕ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ। ਅਧਿਕਾਰੀਆਂ ਦੇ ਮਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਪੱਖ ਨੂੰ ਧਿਆਨ ਵਿੱਚ ਰੱਖ ਕੇ ਤਫਤੀਸ਼ ਅੱਗੇ ਵਧਾਈ ਜਾ ਰਹੀ ਹੈ।
ਸੁਰੱਖਿਆ ਏਜੰਸੀਆਂ ਸਤਰਕ, ਜਾਂਚ ਜਾਰੀ
ਧਮਾਕੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਖੁਫੀਆ ਏਜੰਸੀਆਂ ਵੀ ਐਕਟਿਵ ਹੋ ਗਈਆਂ ਹਨ। ਜਾਂਚ ਟੀਮਾਂ ਵੱਲੋਂ ਮੌਕੇ ਤੋਂ ਮਿਲੇ ਸਬੂਤ ਇਕੱਠੇ ਕਰਕੇ ਤਕਨੀਕੀ ਤੌਰ ‘ਤੇ ਵੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਹਕੀਕਤ ਸਾਹਮਣੇ ਆ ਸਕੇ ਅਤੇ ਦੋਸ਼ੀਆਂ ਤੱਕ ਜਲਦੀ ਪਹੁੰਚ ਬਣਾਈ ਜਾ ਸਕੇ।

