ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਖ਼ਿਲਾਫ਼ ਤਿੱਖਾ ਰਵੱਈਆ ਅਖ਼ਤਿਆਰ ਕਰਦਿਆਂ ਦੋਸ਼ ਲਗਾਇਆ ਕਿ ਇਕ ਪਾਸੇ ਪਾਕਿਸਤਾਨ ਨਾਲ ਕ੍ਰਿਕਟ ਮੈਚ ਕਰਵਾਇਆ ਜਾਂਦਾ ਹੈ, ਜਦੋਂਕਿ ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਜਾਣ ਵਾਲੇ ਸਿੱਖ ਜਥਿਆਂ ਨੂੰ ਰੋਕਿਆ ਜਾ ਰਿਹਾ ਹੈ।
“ਮੈਚ ਖੇਡ ਲਿਆ, ਪਰ ਹੱਥ ਨਹੀਂ ਮਿਲਾਇਆ…ਇਹ ਕੀ ਮਜਬੂਰੀ?”
ਲਾਈਵ ਸੰਬੋਧਨ ਦੌਰਾਨ ਮਾਨ ਨੇ ਕੇਂਦਰ ਸਰਕਾਰ ਦੇ ਫ਼ੈਸਲੇ ‘ਤੇ ਸਵਾਲ ਖੜ੍ਹੇ ਕੀਤੇ। ਓਹਨਾ ਕਿਹਾ, “ਇੱਕ ਪਾਸੇ ਕ੍ਰਿਕਟ ਮੈਚ ਕਰਵਾ ਲਿਆ ਗਿਆ, ਪਰ ਸਿੱਖ ਜਥਿਆਂ ਨੂੰ ਰੋਕ ਦਿੱਤਾ ਗਿਆ। ਖਿਡਾਰੀ ਕਹਿੰਦੇ ਹਨ ਕਿ ਅਸੀਂ ਖੇਡ ਤਾਂ ਲਈ, ਪਰ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ। ਆਖ਼ਰ ਇਹ ਕਿਸ ਕਿਸਮ ਦੀ ਮਜਬੂਰੀ ਹੈ? ਖੇਡਣਾ ਠੀਕ ਪਰ ਹੱਥ ਨਾ ਮਿਲਾਉਣਾ ਕਿਵੇਂ ਵਾਜਬ ਹੈ?”
ਅਨੁਰਾਗ ਠਾਕੁਰ ਦੇ ਬਿਆਨ ‘ਤੇ ਵੀ ਚੋਟ
ਮਾਨ ਨੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਮੈਚ ਨੂੰ “ਮਜਬੂਰੀ” ਕਰਾਰ ਦੇਣ ਦੀ ਵਿਆਖਿਆ ‘ਤੇ ਵੀ ਤੰਜ ਕਸਿਆ। “ਮੈਂ ਨਹੀਂ ਸਮਝ ਸਕਿਆ ਕਿ ਆਖ਼ਰ ਇਹ ਕੀਹ ਮਜਬੂਰੀ ਹੈ,” ਮਾਨ ਨੇ ਕਿਹਾ।
“ਅਫਗਾਨਿਸਤਾਨ ਨੂੰ ਮਦਦ ਤੁਰੰਤ, ਪੰਜਾਬ ਲਈ ਕੁਝ ਨਹੀਂ”
ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ‘ਤੇ ਭੇਦਭਾਵ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਅਫਗਾਨਿਸਤਾਨ ਵਿੱਚ ਸੰਕਟ ਆਇਆ ਤਾਂ ਮਦਦ ਤੁਰੰਤ ਭੇਜੀ ਗਈ, ਪਰ ਜਦੋਂ ਪੰਜਾਬ ਹੜ੍ਹਾਂ ਨਾਲ ਤਬਾਹ ਹੋਇਆ ਤਾਂ ਕੇਂਦਰ ਵੱਲੋਂ ਕੋਈ ਮਦਦ ਨਹੀਂ ਆਈ। ਓਹਨਾ ਸਵਾਲ ਕੀਤਾ, “ਕੇਵਲ ਪੰਜਾਬ ਨਾਲ ਹੀ ਇਹ ਵਿਰੋਧਭਾਵ ਕਿਉਂ?”
ਜਾਖੜ ਤੇ ਬਿੱਟੂ ਨੂੰ ਕੇਂਦਰ ਤੋਂ ਜਵਾਬ ਲੈਣ ਲਈ ਕਿਹਾ
ਮਾਨ ਨੇ ਪੰਜਾਬ ਤੋਂ ਭਾਜਪਾ ਨੇਤਾਵਾਂ ਸੁਨੀਲ ਜਾਖੜ ਅਤੇ ਰਵਨੀਤ ਬਿੱਟੂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਤੋਂ ਸਪੱਸ਼ਟ ਜਵਾਬ ਮੰਗਣ ਕਿ ਆਖ਼ਰ ਸਿੱਖ ਜਥਿਆਂ ਨੂੰ ਨਨਕਾਣਾ ਸਾਹਿਬ ਜਾਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ।