ਸੰਗਰੂਰ :- ਸੰਗਰੂਰ ਦੀ ਅਨਾਜ ਮੰਡੀ ਵਿੱਚ ਇਨ੍ਹਾਂ ਦਿਨੀਂ ਬਾਸਮਤੀ ਝੋਨੇ ਦੇ ਢੇਰ ਲੱਗੇ ਹੋਏ ਹਨ। ਪਰ 29 ਸਤੰਬਰ ਦੀ ਤਕਰੀਬਨ ਦੋ ਘੰਟਿਆਂ ਦੀ ਤੀਬਰ ਬਾਰਿਸ਼ ਨੇ ਮੰਡੀ ਵਿੱਚ ਰੱਖੀ ਫ਼ਸਲ ਨੂੰ ਭਿੱਜ ਕੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ। ਝੋਨਾ ਖੁੱਲ੍ਹਾ ਪਿਆ ਹੋਣ ਕਾਰਨ ਪਾਣੀ ਵਿੱਚ ਭਿੱਜ ਗਿਆ ਅਤੇ ਨੁਕਸਾਨ ਦਾ ਕਾਰਨ ਬਣਿਆ।
ਗੁਣਵੱਤਾ ਵਿੱਚ ਕਮੀ, ਰੇਟਾਂ ਵਿੱਚ ਗਿਰਾਵਟ
ਭਿੱਜਣ ਕਾਰਨ ਝੋਨੇ ਵਿੱਚ ਨਮੀ (ਮੋਇਸਚਰ) ਵਧਣ ਨਾਲ ਗੁਣਵੱਤਾ ‘ਤੇ ਸਿੱਧਾ ਅਸਰ ਪਿਆ। ਨਤੀਜਾ ਇਹ ਹੋਇਆ ਕਿ ਖਰੀਦਦਾਰਾਂ ਨੇ ਝੋਨੇ ਦਾ ਭਾਅ ਘਟਾ ਦਿੱਤਾ। ਕਿਸਾਨਾਂ ਨੇ ਦੱਸਿਆ ਕਿ ਜਿੱਥੇ ਬਾਸਮਤੀ ਝੋਨੇ ਦਾ ਰੇਟ ਪਹਿਲਾਂ 3,500 ਰੁਪਏ ਪ੍ਰਤੀ ਕੁਇੰਟਲ ਤੱਕ ਸੀ, ਹੁਣ ਉਹ ਘਟ ਕੇ ਸਿਰਫ਼ 3,100 ਰੁਪਏ ਪ੍ਰਤੀ ਕੁਇੰਟਲ ਰਹਿ ਗਿਆ ਹੈ।
ਕਿਸਾਨਾਂ ਨੇ ਜਤਾਈ ਨਾਰਾਜ਼ਗੀ
ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੌਸਮ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪ੍ਰਤੀ ਕੁਇੰਟਲ ਲਗਭਗ 200 ਰੁਪਏ ਘੱਟ ਰੇਟ ਤੇ ਫ਼ਸਲ ਵੇਚਣ ਲਈ ਮਜਬੂਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਮੰਡੀਆਂ ਵਿੱਚ ਫ਼ਸਲ ਦੀ ਰੱਖਿਆ ਲਈ ਵਧੀਆ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਬਾਰਿਸ਼ ਤੋਂ ਬਚਾਵ ਕੀਤਾ ਜਾ ਸਕੇ।