ਨਾਭਾ :- ਬਸੰਤ ਪੰਚਮੀ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਨਾਭਾ ਸ਼ਹਿਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸਥਾਨਕ ਕਰਤਾਰਪੁਰਾ ਮੁਹੱਲੇ ਵਿੱਚ ਰਹਿਣ ਵਾਲਾ 18 ਸਾਲਾ ਨੌਜਵਾਨ ਕਰੰਟ ਦੀ ਚਪੇਟ ਵਿੱਚ ਆ ਕੇ ਆਪਣੀ ਜਾਨ ਗਵਾ ਬੈਠਾ।
ਬਰਸਾਤੀ ਪਾਣੀ ਬਣਿਆ ਹਾਦਸੇ ਦੀ ਵਜ੍ਹਾ
ਮਿਲੀ ਜਾਣਕਾਰੀ ਅਨੁਸਾਰ ਗਲੀ ਵਿੱਚ ਮੀਂਹ ਦਾ ਪਾਣੀ ਭਰਿਆ ਹੋਇਆ ਸੀ। ਇਸ ਦੌਰਾਨ ਨੌਜਵਾਨ ਦਾ ਹੱਥ ਨੇੜੇ ਲੱਗੇ ਇੱਕ ਟੈਲੀਫੋਨ ਖੰਬੇ ਨਾਲ ਲੱਗ ਗਿਆ, ਜਿਸ ਤੋਂ ਬਾਅਦ ਉਸ ਨੂੰ ਤੇਜ਼ ਕਰੰਟ ਦਾ ਝਟਕਾ ਲੱਗਿਆ ਅਤੇ ਉਹ ਮੌਕੇ ’ਤੇ ਹੀ ਡਿੱਗ ਪਿਆ।
ਹਸਪਤਾਲ ਪਹੁੰਚਦੇ ਹੀ ਤੋੜਿਆ ਦਮ
ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਉਸਨੂੰ ਨਾਭਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ ਪਰ ਕੁਝ ਮਿੰਟਾਂ ਦੇ ਅੰਦਰ ਹੀ ਨੌਜਵਾਨ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਭਵਿਸ਼ ਕੁਮਾਰ ਵਜੋਂ
ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਛਾਣ ਭਵਿਸ਼ ਕੁਮਾਰ ਪੁੱਤਰ ਪ੍ਰਵੀਨ ਕੁਮਾਰ ਵਜੋਂ ਹੋਈ ਹੈ। ਪਰਿਵਾਰ ਨੇ ਦੱਸਿਆ ਕਿ ਮੀਂਹ ਹਲਕਾ ਰੁਕਣ ਤੋਂ ਬਾਅਦ ਭਵਿਸ਼ ਪਤੰਗ ਉਡਾਉਣ ਲਈ ਘਰੋਂ ਬਾਹਰ ਗਿਆ ਸੀ, ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਖੁਸ਼ੀ ਦਾ ਪਲ ਹਮੇਸ਼ਾ ਲਈ ਵਿਛੋੜੇ ਵਿੱਚ ਬਦਲ ਜਾਵੇਗਾ।
ਬਿਜਲੀ ਵਿਭਾਗ ਵੱਲੋਂ ਜਾਂਚ ਜਾਰੀ
ਨਾਭਾ ਬਿਜਲੀ ਵਿਭਾਗ ਦੇ ਐਕਸੀਅਨ ਪ੍ਰੀਕਸ਼ਤ ਭਨੋਟ ਨੇ ਦੱਸਿਆ ਕਿ ਮੌਕੇ ’ਤੇ ਮੌਜੂਦ ਟੈਲੀਫੋਨ ਖੰਬੇ ਨਾਲ ਬਿਜਲੀ ਮਹਿਕਮੇ ਦੀ ਕੋਈ ਨੰਗੀ ਤਾਰ ਸਿੱਧੇ ਤੌਰ ’ਤੇ ਨਹੀਂ ਲੱਗੀ ਹੋਈ ਸੀ। ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਅਤੇ ਮੁੱਖ ਬਿਜਲੀ ਇੰਸਪੈਕਟਰ ਵੱਲੋਂ ਮੌਕੇ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਅਰਥ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ
ਅਧਿਕਾਰੀਆਂ ਨੇ ਕਿਹਾ ਕਿ ਬਰਸਾਤੀ ਪਾਣੀ ਖੜਾ ਹੋਣ ਕਾਰਨ ਕਈ ਵਾਰ ਅਰਥ ਹੋਣ ਦਾ ਖਤਰਾ ਬਣ ਜਾਂਦਾ ਹੈ, ਜਿਸ ਕਰਕੇ ਕਰੰਟ ਫੈਲ ਸਕਦਾ ਹੈ। ਅਸਲ ਕਾਰਨ ਦੀ ਪੁਸ਼ਟੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ।
ਪੁਲੀਸ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ
ਨਾਭਾ ਥਾਣੇ ਦੇ ਐੱਸ.ਐੱਚ.ਓ. ਸੌਰਭ ਸੱਭਰਵਾਲ ਨੇ ਦੱਸਿਆ ਕਿ ਪੁਲੀਸ ਟੀਮਾਂ ਮੌਕੇ ’ਤੇ ਪਹੁੰਚ ਕੇ ਤਫ਼ਤੀਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪਰਿਵਾਰ ਵੱਲੋਂ ਕਿਸੇ ਵੀ ਵਿਅਕਤੀ ਜਾਂ ਵਿਭਾਗ ਖ਼ਿਲਾਫ਼ ਕੋਈ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।
ਇਲਾਕੇ ’ਚ ਸੋਗ ਦਾ ਮਾਹੌਲ
ਇਸ ਹਾਦਸੇ ਤੋਂ ਬਾਅਦ ਕਰਤਾਰਪੁਰਾ ਮੁਹੱਲੇ ਵਿੱਚ ਗਮਗੀਨ ਮਾਹੌਲ ਬਣਿਆ ਹੋਇਆ ਹੈ। ਬਸੰਤ ਪੰਚਮੀ ਦੇ ਦਿਨ ਜਿੱਥੇ ਹਰ ਘਰ ਵਿੱਚ ਪਤੰਗਾਂ ਦੀ ਰੌਣਕ ਹੋਣੀ ਸੀ, ਉੱਥੇ ਇੱਕ ਪਰਿਵਾਰ ਲਈ ਇਹ ਦਿਨ ਅਮਿੱਟ ਦੁੱਖ਼ ਬਣ ਕੇ ਰਹਿ ਗਿਆ।

