ਬਰਨਾਲਾ :- ਖੇਡ ਮੈਦਾਨ ਵਿੱਚ ਜ਼ਜਬੇ ਅਤੇ ਮਿਹਨਤ ਨਾਲ ਕੀਤੀ ਕਾਮਯਾਬੀ ਹਮੇਸ਼ਾ ਪ੍ਰੇਰਣਾ ਛੱਡਦੀ ਹੈ। ਬਰਨਾਲਾ ਦੇ ਪਿੰਡ ਢਿੱਲਵਾਂ ਦੀ 14 ਸਾਲਾ ਗੁਨਤਾਸ ਕੌਰ ਨੇ ਇਹ ਗੱਲ ਸਾਬਤ ਕਰ ਦੱਤੀ ਹੈ। ਜਬਲਪੁਰ (ਮੱਧ ਪ੍ਰਦੇਸ਼) ਵਿੱਚ ਹੋਈਆਂ ਸੀ.ਆਈ.ਐਸ.ਸੀ.ਈ ਰਾਜ ਪੱਧਰੀ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੁਨਤਾਸ ਨੇ ਗੋਲਡ ਮੈਡਲ ਆਪਣੇ ਨਾਮ ਕੀਤਾ ਅਤੇ ਪੰਜਾਬ ਸਮੇਤ ਮਾਪਿਆਂ ਤੇ ਪਿੰਡ ਦਾ ਮਾਣ ਵਧਾਇਆ।
ਨੌਵੀਂ ਜਮਾਤ ਦੀ ਵਿਦਿਆਰਥਣ ਗੁਨਤਾਸ ਕੌਰ ਪਿਛਲੇ ਤਿੰਨ ਸਾਲਾਂ ਤੋਂ ਪੜ੍ਹਾਈ ਦੇ ਨਾਲ ਬਾਕਸਿੰਗ ਵਿੱਚ ਸਖ਼ਤ ਮਿਹਨਤ ਕਰ ਰਹੀ ਹੈ। ਟੂਰਨਾਮੈਂਟ ਦੌਰਾਨ ਉਸਨੇ ਪਹਿਲਾਂ ਮਹਾਰਾਸ਼ਟਰ, ਫਿਰ ਮੱਧ ਪ੍ਰਦੇਸ਼ ਦੀ ਖਿਡਾਰਣ ਨੂੰ ਹਰਾਇਆ ਅਤੇ ਫਾਈਨਲ ਵਿੱਚ ਕਰਨਾਟਕਾ ਦੀ ਪੂਰਨਾ ਸ੍ਰੀ ‘ਤੇ 5-0 ਨਾਲ ਜਿੱਤ ਦਰਜ ਕਰਕੇ ਸੋਨੇ ‘ਤੇ ਕਬਜ਼ਾ ਕੀਤਾ।
ਪਿੰਡ ਵਿੱਚ ਖੁਸ਼ੀ ਦਾ ਮਾਹੌਲ
ਗੋਲਡ ਮੈਡਲ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਘਰ ਵਾਪਸੀ ‘ਤੇ ਗੁਨਤਾਸ ਕੌਰ ਦਾ ਪਿੰਡ ਵਾਸੀਆਂ ਵੱਲੋਂ ਢੋਲ-ਨਗਾਰਿਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ। ਗੁਰੂ ਘਰ ਤੇ ਪਿੰਡ ਪੰਚਾਇਤ ਨੇ ਵੀ ਉਸਦਾ ਸਨਮਾਨ ਕੀਤਾ।
ਪਰਿਵਾਰ ਦੀ ਪ੍ਰਤੀਕਿਰਿਆ
ਜਿੱਤ ਤੋਂ ਬਾਅਦ ਗੁਨਤਾਸ ਨੇ ਕਿਹਾ ਕਿ ਇਹ ਸਫਲਤਾ ਉਸਦੇ ਕੋਚ ਤੇ ਮਾਪਿਆਂ ਦੀ ਮਿਹਨਤ ਦਾ ਨਤੀਜਾ ਹੈ ਅਤੇ ਅੱਗੇ ਵੀ ਉਹ ਹੋਰ ਮਿਹਨਤ ਕਰੇਗੀ। ਉਸਦੇ ਪਿਤਾ ਅਵਤਾਰ ਸਿੰਘ ਨੇ ਭਾਵੁਕ ਹੋ ਕੇ ਕਿਹਾ ਕਿ “ਮੇਰੀਆਂ ਤਿੰਨ ਧੀਆਂ ਹਨ, ਪਰ ਅੱਜ ਮੇਰੀ ਵੱਡੀ ਧੀ ਨੇ ਪੁੱਤ ਵਾਂਗ ਘਰ ਦਾ ਨਾਮ ਚਮਕਾਇਆ ਹੈ।”
ਗੁਨਤਾਸ ਦੀ ਇਹ ਉਪਲਬਧੀ ਨਾ ਸਿਰਫ਼ ਉਸਦੇ ਪਰਿਵਾਰ ਲਈ, ਸਗੋਂ ਸਾਰੇ ਪਿੰਡ ਲਈ ਮਾਣ ਦਾ ਪਲ ਹੈ।