ਬਰਨਾਲਾ :- ਸ਼ਹਿਰਾਂ ਦੇ ਵਿਕਾਸ ਅਤੇ ਲੋਕ-ਹਿੱਤ ਯੋਜਨਾਵਾਂ ਦੇ ਖੇਤਰ ਵਿੱਚ ਬਰਨਾਲਾ ਨੇ ਇਕ ਅਜਿਹਾ ਮੀਲ ਪੱਥਰ ਸਥਾਪਤ ਕੀਤਾ ਹੈ, ਜਿਸ ਦੀ ਚਰਚਾ ਹੁਣ ਪੂਰੇ ਪੰਜਾਬ ਵਿੱਚ ਹੋ ਰਹੀ ਹੈ। ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਅਤੇ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ ਵੱਲੋਂ ਨਗਰ ਸੁਧਾਰ ਟਰੱਸਟ ਬਰਨਾਲਾ ਨੂੰ ਅਧਿਕਾਰਕ ਤੌਰ ’ਤੇ ਇਨਕਮ ਟੈਕਸ ਮੁਕਤ ਟਰੱਸਟ ਦਾ ਦਰਜਾ ਦਿੱਤਾ ਗਿਆ ਹੈ।
ਇਸ ਨਾਲ ਬਰਨਾਲਾ ਟਰੱਸਟ ਪੰਜਾਬ ਦਾ ਪਹਿਲਾ ਅਜਿਹਾ ਨਗਰ ਸੁਧਾਰ ਟਰੱਸਟ ਬਣ ਗਿਆ ਹੈ, ਜਿਸਨੂੰ ਭਾਰਤ ਸਰਕਾਰ ਵੱਲੋਂ ਇਹ ਵਿਸ਼ੇਸ਼ ਛੂਟ ਪ੍ਰਾਪਤ ਹੋਈ ਹੈ।
ਕਾਨੂੰਨੀ ਜੰਗ ਜਿੱਤ ਕੇ ਬਣੀ ਕੌਮੀ ਪਛਾਣ
ਇਸ ਵੱਡੀ ਸਫਲਤਾ ਦੇ ਪਿੱਛੇ ਪ੍ਰਸਿੱਧ ਟੈਕਸ ਵਿਦਵਾਨ, ਚਾਰਟਰਡ ਅਕਾਊਂਟੈਂਟ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਸਲਾਹਕਾਰ ਸੀਏ ਡਾ. ਪ੍ਰਦੀਪ ਗੋਇਲ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਦੀ ਕਾਨੂੰਨੀ ਸਮਝ, ਲੰਬੀ ਪੈਰਵੀ ਅਤੇ ਮਜ਼ਬੂਤ ਦਲੀਲਾਂ ਕਾਰਨ ਹੀ ਬਰਨਾਲਾ ਟਰੱਸਟ ਨੂੰ ਰਾਸ਼ਟਰੀ ਪੱਧਰ ’ਤੇ ਇਹ ਮਾਨਤਾ ਮਿਲੀ ਹੈ।
ਸੁਪਰੀਮ ਕੋਰਟ ਦੇ ਫੈਸਲੇ ਨੇ ਖੋਲ੍ਹਿਆ ਰਸਤਾ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ. ਪ੍ਰਦੀਪ ਗੋਇਲ ਨੇ ਦੱਸਿਆ ਕਿ ਪੰਜਾਬ ਵਿੱਚ ਕਰੀਬ 30 ਨਗਰ ਸੁਧਾਰ ਟਰੱਸਟ ਕੰਮ ਕਰ ਰਹੇ ਹਨ, ਜੋ ਸ਼ਹਿਰੀ ਯੋਜਨਾਬੰਦੀ, ਰਹਾਇਸ਼ੀ ਸਕੀਮਾਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਜ਼ਿੰਮੇਵਾਰ ਹਨ।
ਪਹਿਲਾਂ ਇਹ ਸਾਰੇ ਟਰੱਸਟ ਚੈਰੀਟੇਬਲ ਟਰੱਸਟ ਦੇ ਦਾਇਰੇ ਵਿੱਚ ਆਉਂਦੇ ਸਨ, ਜਿਸ ਕਾਰਨ ਉਨ੍ਹਾਂ ’ਤੇ ਇਨਕਮ ਟੈਕਸ ਰਿਟਰਨ, ਭਾਰੀ ਆਡਿਟ ਅਤੇ ਕਾਨੂੰਨੀ ਪਾਬੰਦੀਆਂ ਲਾਗੂ ਰਹਿੰਦੀਆਂ ਸਨ।
ਉਨ੍ਹਾਂ ਦੱਸਿਆ ਕਿ ਅਹਿਮਦਾਬਾਦ ਅਰਬਨ ਡਿਵੈਲਪਮੈਂਟ ਅਥਾਰਟੀ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਸਪੱਸ਼ਟ ਫੈਸਲਾ ਦਿੱਤਾ ਸੀ ਕਿ ਜਿਹੜੀਆਂ ਸੰਸਥਾਵਾਂ ਸਰਕਾਰੀ ਨਿਗਰਾਨੀ ਹੇਠ ਲੋਕ-ਭਲਾਈ ਅਤੇ ਸ਼ਹਿਰੀ ਵਿਕਾਸ ਲਈ ਕੰਮ ਕਰਦੀਆਂ ਹਨ, ਉਹਨਾਂ ਨੂੰ ਟੈਕਸ ਦੇ ਘੇਰੇ ਤੋਂ ਬਾਹਰ ਰੱਖਣਾ ਚਾਹੀਦਾ ਹੈ।
ਇਸੇ ਫੈਸਲੇ ਦੇ ਅਧਾਰ ’ਤੇ ਭਾਰਤ ਸਰਕਾਰ ਵੱਲੋਂ ਇਨਕਮ ਟੈਕਸ ਐਕਟ ਵਿੱਚ ਧਾਰਾ 10(46) ਜੋੜੀ ਗਈ।
ਦੋ ਸਾਲ ਦੀ ਲਗਾਤਾਰ ਕਾਨੂੰਨੀ ਪੈਰਵੀ ਤੋਂ ਮਿਲੀ ਕਾਮਯਾਬੀ
ਡਾ. ਗੋਇਲ ਨੇ ਦੱਸਿਆ ਕਿ ਬਰਨਾਲਾ ਨਗਰ ਸੁਧਾਰ ਟਰੱਸਟ ਦਾ ਕੇਸ 20 ਮਾਰਚ 2024 ਨੂੰ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਦਿੱਲੀ ਵਿਖੇ ਪ੍ਰਿੰਸੀਪਲ ਚੀਫ਼ ਕਮਿਸ਼ਨਰ ਅਤੇ ਚੰਡੀਗੜ੍ਹ ਵਿਖੇ ਕਮਿਸ਼ਨਰ ਆਫ਼ ਇਨਕਮ ਟੈਕਸ ਕੋਲ ਲਗਾਤਾਰ ਦੋ ਸਾਲ ਤੱਕ ਪੈਰਵੀ ਚੱਲਦੀ ਰਹੀ।
ਸਭ ਦਸਤਾਵੇਜ਼ੀ ਜਾਂਚਾਂ ਪੂਰੀਆਂ ਹੋਣ ਮਗਰੋਂ 19 ਜਨਵਰੀ 2026 ਨੂੰ ਵਿੱਤ ਮੰਤਰਾਲੇ ਨੇ ਸਰਕਾਰੀ ਨੋਟੀਫਿਕੇਸ਼ਨ ਜਾਰੀ ਕਰਕੇ ਟਰੱਸਟ ਨੂੰ ਵਿੱਤੀ ਵਰ੍ਹੇ 2023-24 ਤੋਂ ਟੈਕਸ ਮੁਕਤ ਸੰਸਥਾ ਘੋਸ਼ਿਤ ਕਰ ਦਿੱਤਾ।
ਟਰੱਸਟ ਨੂੰ ਮਿਲਣਗੇ ਵੱਡੇ ਵਿੱਤੀ ਲਾਭ
ਇਸ ਫੈਸਲੇ ਨਾਲ ਨਗਰ ਸੁਧਾਰ ਟਰੱਸਟ ਬਰਨਾਲਾ ਨੂੰ ਕਈ ਤਰ੍ਹਾਂ ਦੀ ਰਾਹਤ ਮਿਲੀ ਹੈ—
ਟਰੱਸਟ ਨੂੰ ਹੁਣ ਚੈਰੀਟੇਬਲ ਆਡਿਟ ਦੀ ਜਟਿਲ ਪ੍ਰਕਿਰਿਆ ਤੋਂ ਛੁਟਕਾਰਾ ਮਿਲੇਗਾ।
ਹਰ ਸਾਲ ਭਾਰੀ ਇਨਕਮ ਟੈਕਸ ਭਰਨ ਦੀ ਲੋੜ ਨਹੀਂ ਰਹੇਗੀ।
ਧਾਰਾ 12-ਏ ਅਧੀਨ ਰਜਿਸਟ੍ਰੇਸ਼ਨ ਰਿਨਿਊ ਕਰਵਾਉਣ ਦੀ ਔਖੀ ਕਾਰਵਾਈ ਖਤਮ ਹੋ ਗਈ ਹੈ।
ਧਾਰਾ 10(46) ਤਹਿਤ ਟਰੱਸਟ ਨੂੰ ਸਥਾਈ ਟੈਕਸ ਛੋਟ ਪ੍ਰਾਪਤ ਹੋ ਗਈ ਹੈ।
ਹੁਣ ਵਿਕਾਸ ਕਾਰਜਾਂ ’ਚ ਸਿੱਧਾ ਲੱਗੇਗਾ ਪੈਸਾ
ਟੈਕਸ ਮੁਕਤੀ ਮਿਲਣ ਨਾਲ ਟਰੱਸਟ ਦੀ ਆਮਦਨ ਸਿੱਧੇ ਤੌਰ ’ਤੇ ਸ਼ਹਿਰ ਦੀਆਂ ਸੜਕਾਂ, ਰਿਹਾਇਸ਼ੀ ਸਕੀਮਾਂ, ਬੁਨਿਆਦੀ ਢਾਂਚੇ ਅਤੇ ਨਗਰ ਸੁਵਿਧਾਵਾਂ ’ਤੇ ਖਰਚ ਕੀਤੀ ਜਾ ਸਕੇਗੀ, ਜਿਸ ਨਾਲ ਬਰਨਾਲਾ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲਣ ਦੀ ਉਮੀਦ ਹੈ।
ਸਹਿਯੋਗੀਆਂ ਦਾ ਕੀਤਾ ਧੰਨਵਾਦ
ਡਾ. ਪ੍ਰਦੀਪ ਗੋਇਲ ਨੇ ਇਸ ਉਪਲਬਧੀ ਲਈ ਟਰੱਸਟ ਦੇ ਚੇਅਰਮੈਨ ਰਾਮਤੀਰਥ ਮੰਨਾ, ਸਾਬਕਾ ਈਓ ਰਵਿੰਦਰ ਕੁਮਾਰ, ਮੌਜੂਦਾ ਈਓ ਰਾਜੇਸ਼ ਕੁਮਾਰ, ਅਕਾਊਂਟੈਂਟ ਰਜਿੰਦਰ ਕੌਰ, ਰਿਪਨ ਕੁਮਾਰ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਐਡਵੋਕੇਟ ਦੀਪਿਕਾ ਪ੍ਰਦੀਪ ਗੋਇਲ ਵੀ ਮੌਜੂਦ ਰਹੀ।

