ਅੰਮ੍ਰਿਤਸਰ :- ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਜਾਣ ਵਾਲੇ ਸਿੱਖ ਜੱਥੇ ਨੂੰ ਇਜਾਜ਼ਤ ਨਾ ਦੇਣ ਦੀ ਕਾਰਵਾਈ ਨੂੰ ਧਾਰਮਿਕ ਅਧਿਕਾਰਾਂ ਉੱਤੇ ਵੱਡਾ ਹੱਲਾ ਕਰਾਰ ਦਿੱਤਾ ਹੈ।
“ਜੇ ਭਾਰਤ–ਪਾਕਿਸਤਾਨ ਮੈਚ ਹੋ ਸਕਦਾ, ਤਾਂ ਸਿੱਖ ਯਾਤਰਾ ਕਿਉਂ ਰੋਕੀ ਗਈ?”
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਸਿੱਖ ਭਾਈਚਾਰੇ ਨਾਲ ਵਿਤਕਰੇਬਾਜ਼ੀ ਦਾ ਪ੍ਰਤੀਕ ਹੈ। ਓਹਨਾ ਸਵਾਲ ਕੀਤਾ ਕਿ ਜਦੋਂ ਦੋਨਾਂ ਦੇਸ਼ਾਂ ਵਿਚਾਲੇ ਖੇਡ مقابਲੇ ਹੋ ਸਕਦੇ ਹਨ ਤਾਂ ਫਿਰ ਸਿੱਖ ਯਾਤਰੀਆਂ ਨੂੰ ਨਨਕਾਣਾ ਸਾਹਿਬ ਜਾਣ ਤੋਂ ਕਿਉਂ ਰੋਕਿਆ ਗਿਆ।
ਕਰਤਾਰਪੁਰ ਕੋਰੀਡੋਰ ਨਾ ਖੋਲ੍ਹਣਾ ਬੇਈਮਾਨੀ – ਗਿਆਨੀ ਹਰਪ੍ਰੀਤ ਸਿੰਘ
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜੰਗ ਦੀ ਆੜ ਲੈ ਕੇ ਕਰਤਾਰਪੁਰ ਕੋਰੀਡੋਰ ਬੰਦ ਰੱਖਣਾ ਭਾਰਤ ਸਰਕਾਰ ਵੱਲੋਂ ਸਿੱਖਾਂ ਪ੍ਰਤੀ ਬੇਈਮਾਨੀ ਦੀ ਖੁੱਲ੍ਹੀ ਨਿਸ਼ਾਨੀ ਹੈ। ਓਹਨਾ ਯਾਦ ਦਵਾਇਆ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਿੰਨ ਜੰਗਾਂ ਦੇ ਬਾਵਜੂਦ ਵੀ ਯਾਤਰਾ ‘ਤੇ ਇਸ ਤਰ੍ਹਾਂ ਦੀ ਪਾਬੰਦੀ ਕਦੇ ਨਹੀਂ ਲਗਾਈ ਗਈ।
“ਮੁਗਲ ਕਾਲ ਵਿੱਚ ਵੀ ਐਸੀ ਰੋਕ ਨਹੀਂ ਲੱਗੀ”
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਕੇਂਦਰੀ ਏਜੰਸੀਆਂ ਸਿੱਖ ਮਾਮਲਿਆਂ ‘ਚ ਸਰਕਾਰ ਨੂੰ ਗਲਤ ਰਾਹ ‘ਤੇ ਪਾ ਰਹੀਆਂ ਹਨ। ਓਹਨਾ ਕਿਹਾ ਕਿ ਸਿੱਖ ਧਾਰਮਿਕ ਅਧਿਕਾਰਾਂ ‘ਤੇ ਇਸ ਕਿਸਮ ਦੀ ਰੋਕ ਤਾਂ ਮੁਗਲ ਸ਼ਾਸਨ ਦੌਰਾਨ ਵੀ ਨਹੀਂ ਲੱਗੀ ਸੀ।
ਜੱਥੇ ਲਈ ਤੁਰੰਤ ਇਜਾਜ਼ਤ ਤੇ ਪਾਕਿਸਤਾਨ ਨਾਲ ਸੰਪਰਕ ਦੀ ਮੰਗ
ਅਕਾਲੀ ਦਲ ਪ੍ਰਧਾਨ ਨੇ ਕੇਂਦਰ ਸਰਕਾਰ ਕੋਲ ਮੰਗ ਰੱਖੀ ਕਿ ਸਿੱਖਾਂ ਨਾਲ ਵਿਤਕਰੇਬਾਜ਼ੀ ਖਤਮ ਕਰਦੇ ਹੋਏ ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ਨੂੰ ਤੁਰੰਤ ਇਜਾਜ਼ਤ ਦਿੱਤੀ ਜਾਵੇ ਅਤੇ ਕਰਤਾਰਪੁਰ ਕੋਰੀਡੋਰ ਮੁੜ ਖੋਲ੍ਹਿਆ ਜਾਵੇ। ਓਹਨਾ ਕਿਹਾ ਕਿ ਯਾਤਰੀਆਂ ਨੂੰ ਕਿਸੇ ਕਿਸਮ ਦੀ ਰੁਕਾਵਟ ਜਾਂ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਭਾਰਤ ਸਰਕਾਰ ਨੂੰ ਜਲਦੀ ਪਾਕਿਸਤਾਨ ਸਰਕਾਰ ਨਾਲ ਸੰਪਰਕ ਕਰਨਾ ਚਾਹੀਦਾ ਹੈ।