ਚੰਡੀਗੜ੍ਹ :- ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਕੋਮਲ ਮਿੱਤਲ ਨੇ ਜਨਤਕ ਸੁਰੱਖਿਆ ਅਤੇ ਵਾਤਾਵਰਣ ਸੰਭਾਲ ਲਈ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਦੀਵਾਲੀ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਦੇ ਆਰੰਭ ਮੌਕੇ ਆਤਿਸ਼ਬਾਜ਼ੀ ਦੀ ਵਰਤੋਂ ‘ਤੇ ਸਖ਼ਤ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਧਾਰਾ 163) ਅਧੀਨ ਜਨਤਕ ਹਿੱਤ ਵਿੱਚ ਲਾਗੂ ਕੀਤੇ ਗਏ ਹਨ।
ਪਟਾਕਿਆਂ ਦੀ ਖਰੀਦ-ਵਿਕਰੀ ‘ਤੇ ਵੀ ਨਿਗਰਾਨੀ
ਮੈਜਿਸਟ੍ਰੇਟ ਨੇ ਦੱਸਿਆ ਕਿ ਤਿਉਹਾਰਾਂ ਦੌਰਾਨ ਵਪਾਰੀ ਵੱਡੀ ਮਾਤਰਾ ਵਿੱਚ ਪਟਾਕੇ ਖਰੀਦ ਅਤੇ ਸਟੋਰ ਕਰਦੇ ਹਨ, ਇਸ ਲਈ ਸਰਕਾਰ ਵੱਲੋਂ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲੜੀਵਾਰ (ਲਾਰੀਆਂ) ਪਟਾਕਿਆਂ ਦੇ ਨਿਰਮਾਣ, ਸਟੋਰੇਜ, ਵੰਡ, ਵਿਕਰੀ ਅਤੇ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ।
ਕੇਵਲ ਹਰੇ ਪਟਾਕੇ ਮਨਜ਼ੂਰ
ਹੁਕਮਾਂ ਅਨੁਸਾਰ ਸਿਰਫ਼ ‘ਹਰੇ ਪਟਾਕੇ’ ਹੀ ਵਰਤੇ ਜਾ ਸਕਣਗੇ। ਇਹ ਪਟਾਕੇ ਬੇਰੀਅਮ ਸਾਲਟ, ਐਂਟੀਮੈਨੀ, ਲਿਥੀਅਮ, ਪਾਰਾ, ਆਰਸੈਨਿਕ, ਲੀਡ ਜਾਂ ਸਟ੍ਰੋਂਟੀਅਮ ਕ੍ਰੋਮੇਟ ਵਰਗੇ ਹਾਨੀਕਾਰਕ ਰਸਾਇਣਾਂ ਤੋਂ ਮੁਕਤ ਹੁੰਦੇ ਹਨ। ਇਨ੍ਹਾਂ ਦੀ ਵਿਕਰੀ ਸਿਰਫ਼ ਲਾਇਸੰਸਸ਼ੁਦਾ ਵਿਕਰੇਤਾ ਹੀ ਕਰ ਸਕਣਗੇ।
ਪਟਾਕੇ ਚਲਾਉਣ ਲਈ ਨਿਰਧਾਰਤ ਸਮਾਂ
- ਦੀਵਾਲੀ (20 ਅਕਤੂਬਰ): ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ
- ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ (5 ਨਵੰਬਰ): ਸਵੇਰੇ 4–5 ਵਜੇ ਅਤੇ ਸ਼ਾਮ 9–10 ਵਜੇ ਤੱਕ
- ਕ੍ਰਿਸਮਿਸ (25–26 ਦਸੰਬਰ): ਰਾਤ 11:55 ਤੋਂ 12:30 ਵਜੇ ਤੱਕ
- ਨਵੇਂ ਸਾਲ ਦੀ ਰਾਤ (31 ਦਸੰਬਰ – 1 ਜਨਵਰੀ): ਰਾਤ 11:55 ਤੋਂ 12:30 ਵਜੇ ਤੱਕ
ਕਮਿਊਨਿਟੀ ਫਾਇਰ ਕਰੈਕਿੰਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਸਥਾਨਾਂ ਦੀ ਪਛਾਣ ਕਰਕੇ ਕਮਿਊਨਿਟੀ ਫਾਇਰ ਕਰੈਕਿੰਗ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਫਲਿਪਕਾਰਟ, ਐਮਾਜ਼ਨ ਆਦਿ ਈ-ਕਾਮਰਸ ਪਲੇਟਫਾਰਮਾਂ ਰਾਹੀਂ ਪਟਾਕਿਆਂ ਦੀ ਆਨਲਾਈਨ ਵਿਕਰੀ ‘ਤੇ ਵੀ ਪਾਬੰਦੀ ਰਹੇਗੀ।
ਹਵਾ ਦੀ ਗੁਣਵੱਤਾ ਲਈ ਨਿਗਰਾਨੀ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚੁਣੇ ਗਏ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਕੀਤੀ ਜਾਵੇਗੀ। ਸਾਰੇ ਨਿਰਦੇਸ਼ ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਪ੍ਰਦੂਸ਼ਣ ਬੋਰਡ ਦੇ ਆਦੇਸ਼ਾਂ ਅਨੁਸਾਰ ਲਾਗੂ ਹੋਣਗੇ।
ਨਿਯਮ ਤੋੜਨ ਵਾਲਿਆਂ ਤੇ ਸਖ਼ਤ ਕਾਰਵਾਈ
ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵਾਤਾਵਰਣ (ਸੁਰੱਖਿਆ) ਐਕਟ, 1986 ਦੀ ਧਾਰਾ 15 ਅਧੀਨ ਤੁਰੰਤ ਕਾਨੂੰਨੀ ਕਾਰਵਾਈ ਹੋਵੇਗੀ। ਇਹ ਪਾਬੰਦੀ 1 ਅਕਤੂਬਰ 2025 ਤੋਂ 2 ਜਨਵਰੀ 2026 ਤੱਕ ਲਾਗੂ ਰਹੇਗੀ।