ਮੋਗਾ :- ਮੋਗਾ ਸ਼ਹਿਰ ਦੇ ਵਾਹਨ ਚਾਲਕਾਂ ਲਈ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਜਾਰੀ ਹੁਕਮਾਂ ਅਨੁਸਾਰ, ਮੋਗਾ ਸ਼ਹਿਰ ਦੇ ਮੁੱਖ ਬਾਜ਼ਾਰ ਵਿਚ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਭਾਰੀ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ।
ਭਾਰੀ ਵਾਹਨ ਨਹੀਂ ਜਾਣਗੇ ਮੁੱਖ ਬਾਜ਼ਾਰ ‘ਚ
ਲਾਈਟਨ ਵਾਲਾ ਚੌਕ ਤੋਂ ਦੇਵ ਹੋਟਲ ਤੱਕ ਦੇ ਖੇਤਰ ਨੂੰ ਮੁੱਖ ਬਾਜ਼ਾਰ ਦੀ ਸ਼੍ਰੇਣੀ ‘ਚ ਰੱਖਿਆ ਗਿਆ ਹੈ। ਡੀ.ਸੀ. ਸਾਗਰ ਸੇਤੀਆ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਭਾਰੀ ਵਾਹਨਾਂ ਦੇ ਦਾਖਲੇ ਨਾਲ ਟਰੈਫਿਕ ਜਾਮ ਦੀ ਸਥਿਤੀ ਬਣਦੀ ਹੈ, ਜਿਸ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਕਈ ਵਾਰ ਵਾਹਨ ਚਾਲਕਾਂ ਵਿਚ ਤਕਰਾਰ ਅਤੇ ਲੜਾਈ-ਝਗੜੇ ਹੋਣ ਦੀ ਸੰਭਾਵਨਾ ਵੀ ਬਣ ਜਾਂਦੀ ਹੈ।
ਇਨ੍ਹਾਂ ਰਾਹਾਂ ਰਾਹੀਂ ਮਿਲੇਗੀ ਯਾਤਰਾ ਦੀ ਆਗਿਆ
ਪਾਬੰਦੀ ਦੇ ਦੌਰਾਨ ਭਾਰੀ ਵਾਹਨਾਂ ਨੂੰ ਗਾਂਧੀ ਰੋਡ ਤੋਂ ਰੇਲਵੇ ਰੋਡ/ਪ੍ਰਤਾਪ ਰੋਡ, ਚੈਂਬਰ ਰੋਡ, ਸਟੇਡੀਅਮ ਰੋਡ ਅਤੇ ਗਲੀ ਨੰਬਰ 9 ਰਾਹੀਂ ਦੇਵ ਹੋਟਲ ਚੌਕ ਤੱਕ ਜੀ.ਟੀ. ਰੋਡ ਰਾਹੀਂ ਯਾਤਰਾ ਕਰਨ ਦੀ ਆਗਿਆ ਦਿੱਤੀ ਗਈ ਹੈ। ਇਹ ਰਸਤੇ ਟਰੈਫਿਕ ਦਾ ਦਬਾਅ ਘਟਾਉਣ ਲਈ ਵਿਕਲਪਿਕ ਤੌਰ ‘ਤੇ ਚੁਣੇ ਗਏ ਹਨ।
ਬਿਨਾਂ ਲਾਈਟਾਂ ਤੇ ਰਿਫਲੈਕਟਰ ਵਾਲੇ ਵਾਹਨਾਂ ‘ਤੇ ਵੀ ਪਾਬੰਦੀ
ਜ਼ਿਲ੍ਹਾ ਮੈਜਿਸਟ੍ਰੇਟ ਨੇ ਹੋਰ ਮਹੱਤਵਪੂਰਨ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਵਿੱਚ ਕੋਈ ਵੀ ਸਾਈਕਲ, ਰਿਕਸ਼ਾ, ਟਰੈਕਟਰ-ਟਰਾਲੀ ਜਾਂ ਸਟ੍ਰੀਟ ਵੇਂਡਰ ਦਾ ਵਾਹਨ ਬਿਨਾਂ ਅੱਗੇ-ਪਿੱਛੇ ਲਾਈਟਾਂ, ਲਾਲ ਰਿਫਲੈਕਟਰ, ਸ਼ੀਸ਼ਿਆਂ ਜਾਂ ਚਮਕਦਾਰ ਟੇਪ ਦੇ ਨਹੀਂ ਚੱਲੇਗਾ। ਉਨ੍ਹਾਂ ਕਿਹਾ ਕਿ ਅਜਿਹੇ ਵਾਹਨ ਰਾਤ ਸਮੇਂ ਹੋਰ ਵਾਹਨਾਂ ਲਈ ਨਜ਼ਰ ਨਹੀਂ ਆਉਂਦੇ, ਜਿਸ ਕਾਰਨ ਹਾਦਸਿਆਂ ਦੀ ਸੰਭਾਵਨਾ ਵਧ ਜਾਂਦੀ ਹੈ।
ਸੁਰੱਖਿਆ ਤੇ ਜਨਤਕ ਕਾਨੂੰਨ ਵਿਵਸਥਾ ਨੂੰ ਧਿਆਨ ‘ਚ ਰੱਖ ਕੇ ਫੈਸਲਾ
ਡੀ.ਸੀ. ਸੇਤੀਆ ਨੇ ਕਿਹਾ ਕਿ ਇਹ ਫੈਸਲੇ ਜਨਤਕ ਸੁਰੱਖਿਆ, ਆਵਾਜਾਈ ਦੇ ਸੁਚਾਰੂ ਪ੍ਰਬੰਧ ਅਤੇ ਸ਼ਹਿਰ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਲਏ ਗਏ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਹੜਾ ਵੀ ਵਿਅਕਤੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰੇਗਾ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹੁਕਮ 31 ਦਸੰਬਰ 2025 ਤੱਕ ਰਹਿਣਗੇ ਲਾਗੂ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਇਹ ਦੋਵੇਂ ਹੁਕਮ 31 ਦਸੰਬਰ 2025 ਤੱਕ ਲਾਗੂ ਰਹਿਣਗੇ। ਇਸ ਮਿਆਦ ਦੌਰਾਨ ਟਰੈਫਿਕ ਵਿਭਾਗ ਵੱਲੋਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਖ਼ਾਸ ਨਿਗਰਾਨੀ ਕੀਤੀ ਜਾਵੇਗੀ।

