ਚੰਡੀਗੜ੍ਹ :- ਆਸਟ੍ਰੇਲੀਆ ਦੀ ਨਰਸ ਨਿਕੋਲ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਭਿਆਨਕ ਸਮੇਂ ਦੌਰਾਨ ਪੰਜਾਬੀ ਭਾਈਚਾਰੇ ਵੱਲੋਂ ਬਜ਼ੁਰਗਾਂ ਅਤੇ ਬੀਮਾਰ ਲੋਕਾਂ ਦੀ ਕੀਤੀ ਗਈ ਨਿਸਵਾਰਥ ਸੇਵਾ ਉਸ ਲਈ ਜ਼ਿੰਦਗੀ ਭਰ ਦੀ ਪ੍ਰੇਰਣਾ ਬਣ ਗਈ ਹੈ। ਉਸਨੇ ਦੱਸਿਆ ਕਿ ਜਦੋਂ ਡਰ ਅਤੇ ਅਨਿਸ਼ਚਿਤਤਾ ਦਾ ਮਾਹੌਲ ਸੀ, ਉਸ ਵੇਲੇ ਕਈ ਪੰਜਾਬੀਆਂ ਨੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਬਜ਼ੁਰਗ ਆਸਟ੍ਰੇਲੀਅਨਾਂ ਦੀ ਦੇਖਭਾਲ ਕੀਤੀ, ਜਿਸ ਕਾਰਨ ਉਹ ਆਪਣੇ ਆਪ ਨੂੰ ਪੰਜਾਬੀ ਸਮਾਜ ਦੀ ਰਿਣੀ ਮੰਨਦੀ ਹੈ ਅਤੇ ਇਸ ਪਿਆਰ ਨੇ ਉਸਦੇ ਮਨ ਵਿੱਚ ਪੰਜਾਬ ਪ੍ਰਤੀ ਵਿਸ਼ੇਸ਼ ਸਨਮਾਨ ਪੈਦਾ ਕੀਤਾ ਹੈ।
ਪੰਜਾਬੀ ਸੱਭਿਆਚਾਰ ਨੂੰ ਨਜ਼ਦੀਕੋਂ ਜਾਣਨ ਲਈ ਪੰਜਾਬ ਦੀ ਯਾਤਰਾ
ਪੰਜਾਬੀਆਂ ਦੀ ਜੀਵਨ ਸ਼ੈਲੀ ਅਤੇ ਸੱਭਿਆਚਾਰ ਨੂੰ ਆਪਣੇ ਨੇੜੇ ਤੋਂ ਮਹਿਸੂਸ ਕਰਨ ਦੀ ਇੱਛਾ ਨਾਲ ਨਿਕੋਲ ਇਸ ਸਾਲ ਪੰਜਾਬ ਆਈ, ਜਿੱਥੇ ਉਸਨੇ ਸਥਾਨਕ ਬਾਜ਼ਾਰਾਂ ਵਿੱਚ ਖਰੀਦਦਾਰੀ ਕੀਤੀ, ਪਰੰਪਰਾਗਤ ਭੋਜਨ ਦਾ ਸੁਆਦ ਚੱਖਿਆ ਅਤੇ ਇੱਕ ਰੌਣਕਾਂ ਭਰੇ ਪੰਜਾਬੀ ਵਿਆਹ ਵਿੱਚ ਸ਼ਿਰਕਤ ਕਰਕੇ ਰਸਮਾਂ-ਰਿਵਾਜਾਂ ਨੂੰ ਬੜੀ ਦਿਲਚਸਪੀ ਨਾਲ ਵੇਖਿਆ। ਉਸਨੇ ਕਿਹਾ ਕਿ ਇੱਥੋਂ ਦੇ ਲੋਕਾਂ ਦੀ ਮਹਿਮਾਨਨਵਾਜ਼ੀ ਅਤੇ ਖੁੱਲ੍ਹੇ ਦਿਲ ਨਾਲ ਸਵਾਗਤ ਕਰਨ ਦੀ ਰੀਤ ਨੇ ਉਸਨੂੰ ਘਰ ਵਰਗਾ ਅਹਿਸਾਸ ਕਰਵਾਇਆ।
ਪਟਿਆਲਾ ਅਤੇ ਬਨੂੜ ਵਿੱਚ ਬਜ਼ੁਰਗਾਂ ਨਾਲ ਮੁਲਾਕਾਤ ਨੇ ਛੂਹਿਆ ਦਿਲ
ਨਿਕੋਲ ਨੇ ਪਟਿਆਲਾ ਨੇੜਲੇ ਬਨੂੜ ਇਲਾਕੇ ਵਿੱਚ ਬਜ਼ੁਰਗਾਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨਾਲ ਜੀਵਨ ਦੇ ਤਜਰਬਿਆਂ ਬਾਰੇ ਗੱਲਬਾਤ ਕੀਤੀ। ਉਸਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਦੀ ਸਾਦਗੀ ਅਤੇ ਵੱਡਿਆਂ ਲਈ ਸਤਿਕਾਰ ਦੀ ਪਰੰਪਰਾ ਬਹੁਤ ਹੀ ਪ੍ਰੇਰਕ ਹੈ ਅਤੇ ਇੱਥੇ ਦੇ ਲੋਕ ਆਪਣੇ ਰਿਸ਼ਤਿਆਂ ਨੂੰ ਜਿੰਨ੍ਹਾਂ ਪਿਆਰ ਨਾਲ ਨਿਭਾਉਂਦੇ ਹਨ, ਉਹ ਗੱਲ ਉਸਦੇ ਮਨ ਨੂੰ ਗਹਿਰਾਈ ਨਾਲ ਛੂਹ ਗਈ।
ਪੰਜਾਬੀ ਭਾਸ਼ਾ ਸਿੱਖਣ ਵੱਲ ਕਦਮ, ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ
ਪੰਜਾਬ ਤੋਂ ਪ੍ਰਭਾਵਿਤ ਹੋ ਕੇ ਨਿਕੋਲ ਨੇ ਹੁਣ ਪੰਜਾਬੀ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਮਾਣ ਨਾਲ “ਸਤਿ ਸ੍ਰੀ ਅਕਾਲ” ਅਤੇ “ਤੁਸੀ ਕਿੱਦਾਂ ਹੋਂ” ਵਰਗੇ ਸ਼ਬਦ ਬੋਲਦੀ ਹੈ। ਉਸਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹੋਏ ਕਿਹਾ ਕਿ ਇਹ ਸਥਾਨ ਉਸਨੂੰ ਅੰਦਰੂਨੀ ਸ਼ਾਂਤੀ ਅਤੇ ਆਤਮਿਕ ਸੁਖ ਦਾ ਅਨੁਭਵ ਕਰਵਾਉਂਦਾ ਹੈ ਅਤੇ ਇੱਥੇ ਆਉਣਾ ਉਸਦਾ ਕਈ ਸਾਲਾਂ ਪੁਰਾਣਾ ਸੁਪਨਾ ਸੀ ਜੋ ਹੁਣ ਪੂਰਾ ਹੋਇਆ ਹੈ।
ਪੰਜਾਬੀ ਨਰਸ ‘ਤੇ ਹਮਲੇ ਦੀ ਨਿੰਦਾ, ਸੰਸਕਾਰਾਂ ‘ਤੇ ਚਿੰਤਾ ਜਤਾਈ
ਇਸ ਮੌਕੇ ਨਿਕੋਲ ਨੇ ਆਸਟ੍ਰੇਲੀਆ ਵਿੱਚ ਕੰਮ ਕਰ ਰਹੀ ਪੰਜਾਬੀ ਨਰਸ ਹਰਮਨਜੀਤ ‘ਤੇ ਹੋਏ ਹਮਲੇ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਸਿਹਤ ਸੇਵਾ ਨਾਲ ਜੁੜੇ ਲੋਕਾਂ ਨਾਲ ਇਸ ਤਰ੍ਹਾਂ ਦੀ ਹਿੰਸਾ ਕਦੇ ਵੀ ਬਰਦਾਸ਼ਤਯੋਗ ਨਹੀਂ ਹੋ ਸਕਦੀ। ਉਸਨੇ ਕਿਹਾ ਕਿ ਜੋ ਲੋਕ ਅਜਿਹੇ ਕਿਰਤ ਕਰਦੇ ਹਨ, ਉਹਨਾਂ ਦੀ ਪਰਵਰਿਸ਼ ਅਤੇ ਸੋਚ ਵਿੱਚ ਘਾਟ ਰਹਿ ਗਿਆ ਹੁੰਦਾ ਹੈ ਅਤੇ ਸਮਾਜ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।

