ਨਵਾਂਸ਼ਹਿਰ :- ਪਿਛਲੇ ਦਿਨੀਂ ਨਵਾਂਸ਼ਹਿਰ ਦੇ ਅੰਬੇਡਕਰ ਚੌਕ ਨੇੜੇ ਸਥਿਤ ਸ਼ਰਾਬ ਦੇ ਠੇਕੇ ਵਿੱਚ, 7 ਅਗਸਤ 2025 ਦੀ ਅੱਧੀ ਰਾਤ ਨੂੰ ਦੋ ਅਣਪਛਾਤੇ ਨੌਜਵਾਨਾਂ ਨੇ ਮੋਟਰਸਾਈਕਲ ‘ਤੇ ਆ ਕੇ ਜਵਲਨਸ਼ੀਲ ਪਦਾਰਥ ਸੁੱਟ ਦਿੱਤਾ। ਕੁਝ ਸਕਿੰਟਾਂ ਵਿੱਚ ਹੀ ਠੇਕੇ ਵਿੱਚ ਰੱਖੀ ਸ਼ਰਾਬ ਅਤੇ ਹੋਰ ਸਮਾਨ ਅੱਗ ਦੀ ਲਪੇਟ ਵਿੱਚ ਆ ਕੇ ਸੜ ਕੇ ਰਾਖ ਹੋ ਗਿਆ। ਉਸ ਵੇਲੇ ਅੰਦਰ ਮੌਜੂਦ ਕਰਿੰਦਾ ਸਮੇਂ ‘ਤੇ ਬਾਹਰ ਨਿਕਲ ਗਿਆ, ਜਿਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ਕਾਬੂ ‘ਚ
ਘਟਨਾ ਰਾਤ ਲਗਭਗ 11 ਤੋਂ 11:30 ਵਜੇ ਵਾਪਰੀ, ਜਦੋਂ ਠੇਕੇ ਨੂੰ ਬੰਦ ਕਰਨ ਦੀ ਤਿਆਰੀ ਹੋ ਰਹੀ ਸੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ, ਪੁਲਿਸ ਅਤੇ ਸਥਾਨਕ ਲੋਕ ਮੌਕੇ ‘ਤੇ ਪਹੁੰਚੇ। ਕਾਫ਼ੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ, ਪਰ ਇਸ ਤੋਂ ਪਹਿਲਾਂ ਲੱਖਾਂ ਰੁਪਏ ਦਾ ਸਮਾਨ ਤਬਾਹ ਹੋ ਚੁੱਕਾ ਸੀ।
ਸੋਸ਼ਲ ਮੀਡੀਆ ‘ਤੇ ਜ਼ਿੰਮੇਵਾਰੀ ਕਬੂਲ, ਪੁਲਿਸ ਦੀ ਜਾਂਚ ਤੇਜ਼
ਘਟਨਾ ਤੋਂ ਬਾਅਦ ਹੁਣ “ਬੱਬਰ ਖਾਲਸਾ ਇੰਟ” ਨਾਂ ਦੇ ਇੱਕ ਸੋਸ਼ਲ ਮੀਡੀਆ ਪੇਜ ‘ਤੇ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਠੇਕੇ ਨੂੰ ਅੱਗ ਲਗਾਉਣ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਗਿਆ ਕਿ ਪੰਜਾਬ ਸਰਕਾਰ ਨਸ਼ਿਆਂ ਖ਼ਿਲਾਫ਼ ਨਾਕਾਮ ਹੋ ਗਈ ਹੈ ਅਤੇ ਉਹ ਆਪਣੇ ਤਰੀਕੇ ਨਾਲ ਨਸ਼ਿਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸ਼ਹਿਰ ਦੇ ਸੈਂਕੜੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।