ਮਾਛੀਵਾੜਾ ਸਾਹਿਬ :- ਮਾਛੀਵਾੜਾ ਸਾਹਿਬ ਨੇੜਲੇ ਪਿੰਡ ਸਲਾਣਾ ਬੇਟ ਨਾਲ ਸੰਬੰਧਤ ਭਾਰਤੀ ਫੌਜ ਦਾ ਜਵਾਨ ਰਾਜਵਿੰਦਰ ਸਿੰਘ (39) ਡਿਊਟੀ ਦੌਰਾਨ ਵਾਪਰੇ ਇੱਕ ਸੜਕ ਹਾਦਸੇ ਵਿੱਚ ਸ਼ਹੀਦ ਹੋ ਗਿਆ। ਇਸ ਦੁੱਖਦਾਈ ਖ਼ਬਰ ਨਾਲ ਪਿੰਡ ਅਤੇ ਇਲਾਕੇ ਵਿੱਚ ਗਮਗੀਨ ਮਾਹੌਲ ਬਣ ਗਿਆ ਹੈ।
31 ਫੀਲਡ ਰੈਜੀਮੈਂਟ ਵਿੱਚ ਨਿਭਾ ਰਿਹਾ ਸੀ ਜ਼ਿੰਮੇਵਾਰੀਆਂ
ਮਿਲੀ ਜਾਣਕਾਰੀ ਮੁਤਾਬਕ ਰਾਜਵਿੰਦਰ ਸਿੰਘ ਇਸ ਸਮੇਂ ਰਾਜਸਥਾਨ ਦੇ ਜੈਸਲਮੇਰ ਵਿਖੇ ਤਾਇਨਾਤ 31 ਫੀਲਡ ਰੈਜੀਮੈਂਟ ਵਿੱਚ ਬਟਾਲੀਅਲ ਹਵਲਦਾਰ ਮੈਨੇਜਰ (ਬੀ.ਐੱਚ.ਐੱਮ.) ਦੇ ਅਹੁਦੇ ‘ਤੇ ਆਪਣੀਆਂ ਸੇਵਾਵਾਂ ਦੇ ਰਿਹਾ ਸੀ। 6 ਮਾਰਚ ਨੂੰ ਦੁਪਹਿਰ ਬਾਅਦ ਡਿਊਟੀ ਦੌਰਾਨ ਉਸਦੀ ਗੱਡੀ ਨਾਲ ਵਾਪਰੇ ਹਾਦਸੇ ਕਾਰਨ ਉਹ ਦੇਸ਼ ਦੀ ਸੇਵਾ ਕਰਦਿਆਂ ਸ਼ਹੀਦੀ ਪ੍ਰਾਪਤ ਕਰ ਗਿਆ।
19 ਸਾਲਾਂ ਤੋਂ ਦੇਸ਼ ਦੀ ਸੇਵਾ ਕਰ ਰਿਹਾ ਸੀ ਜਵਾਨ
ਸ਼ਹੀਦ ਰਾਜਵਿੰਦਰ ਸਿੰਘ ਨੇ ਲਗਭਗ 19 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਰੱਖਿਆ ਲਈ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਸੀ। ਉਹ ਆਪਣੇ ਪਰਿਵਾਰ ਦਾ ਮੁੱਖ ਸਹਾਰਾ ਸੀ। ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਵਿੱਚ ਉਸਦੀ ਪਤਨੀ, ਦੋ ਨਿੱਕੇ ਪੁੱਤਰ ਅਤੇ ਬਜ਼ੁਰਗ ਮਾਤਾ ਹਨ।
ਭਲਕੇ ਪਿੰਡ ਵਿੱਚ ਪਹੁੰਚੇਗੀ ਸ਼ਹੀਦ ਦੀ ਮ੍ਰਿਤਕ ਦੇਹ
ਜਾਣਕਾਰੀ ਅਨੁਸਾਰ ਸ਼ਹੀਦ ਜਵਾਨ ਦੀ ਮ੍ਰਿਤਕ ਦੇਹ 8 ਮਾਰਚ ਨੂੰ ਉਸਦੇ ਜਨਮ ਸਥਾਨ ਪਿੰਡ ਸਲਾਣਾ ਬੇਟ ਲਿਆਂਦੀ ਜਾਵੇਗੀ। ਇੱਥੇ ਉਸਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਅਤੇ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ।
ਪਿੰਡ ਵਿੱਚ ਸੋਗ ਦੀ ਲਹਿਰ
ਰਾਜਵਿੰਦਰ ਸਿੰਘ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਪਿੰਡ ਸਲਾਣਾ ਬੇਟ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਡੂੰਘਾ ਦੁੱਖ ਪਸਰ ਗਿਆ ਹੈ। ਪਿੰਡ ਵਾਸੀਆਂ ਵੱਲੋਂ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।

