ਚੰਡੀਗੜ੍ਹ :- ਸੂਫ਼ੀ ਗਾਇਕੀ ਦੀ ਦੁਨੀਆ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਅਤੇ ਦਿੱਲੀ ਤੋਂ ਸਾਬਕਾ ਸੰਸਦ ਮੈਂਬਰ ਰਹੇ ਹੰਸਰਾਜ ਅੱਜ ਚੰਡੀਗੜ੍ਹ ਸਥਿਤ ਪ੍ਰੈਸ ਕਲੱਬ ਪਹੁੰਚੇ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਹੁਣ ਉਹ ਸਰਗਰਮ ਰਾਜਨੀਤੀ ਤੋਂ ਪੂਰੀ ਤਰ੍ਹਾਂ ਦੂਰ ਹਨ ਅਤੇ ਆਪਣਾ ਸਾਰਾ ਧਿਆਨ ਸਿਰਫ਼ ਸੰਗੀਤ ਅਤੇ ਰਿਆਜ਼ ਵੱਲ ਕੇਂਦ੍ਰਿਤ ਕਰ ਚੁੱਕੇ ਹਨ।
ਨਗਰ ਨਿਗਮ ਚੋਣਾਂ ’ਤੇ ਟਿੱਪਣੀ ਤੋਂ ਕੀਤਾ ਇਨਕਾਰ
ਚੰਡੀਗੜ੍ਹ ਨਗਰ ਨਿਗਮ ਚੋਣਾਂ ਅਤੇ ਭਾਜਪਾ ਦੇ ਨਵੇਂ ਮੇਅਰ ਬਾਰੇ ਪੁੱਛੇ ਸਵਾਲ ’ਤੇ ਹੰਸਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਚੋਣਾਂ ਕਿੱਥੇ ਹੋ ਰਹੀਆਂ ਹਨ ਜਾਂ ਨਤੀਜੇ ਕਿਸ ਦੇ ਹੱਕ ਵਿੱਚ ਆ ਰਹੇ ਹਨ। ਉਨ੍ਹਾਂ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਰਾਜਨੀਤੀ ਹੁਣ ਉਨ੍ਹਾਂ ਦੀ ਪ੍ਰਾਥਮਿਕਤਾ ਨਹੀਂ ਰਹੀ।
ਗੁਰੂ ਰਵਿਦਾਸ ਜੈਯੰਤੀ ’ਤੇ ਦਿੱਤਾ ਸਮਾਜਿਕ ਸੰਦੇਸ਼
ਹੰਸਰਾਜ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਸਮੂਹ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਰਵਿਦਾਸ ਜੀ ਗਰੀਬਾਂ ਅਤੇ ਪੀੜਤ ਵਰਗ ਦੇ ਮਸੀਹਾ ਸਨ। ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਆਪਣੇ ਬਚਨਾਂ ਰਾਹੀਂ ਜਾਤੀਵਾਦ ਅਤੇ ਭੇਦਭਾਵ ਦੀ ਸਖ਼ਤ ਨਿੰਦਾ ਕੀਤੀ ਅਤੇ ਸਮਾਨਤਾ ਦਾ ਸੰਦੇਸ਼ ਦਿੱਤਾ।
‘ਬੇਗਮਪੁਰਾ’ ਨੂੰ ਦੱਸਿਆ ਏਕਤਾ ਦਾ ਪ੍ਰਤੀਕ
ਸੂਫ਼ੀ ਗਾਇਕ ਨੇ ਕਿਹਾ ਕਿ “ਬੇਗਮਪੁਰਾ” ਸਿਰਫ਼ ਇੱਕ ਸ਼ਬਦ ਨਹੀਂ, ਸਗੋਂ ਇੱਕ ਵਿਚਾਰਧਾਰਾ ਹੈ। ਉਨ੍ਹਾਂ ਦੇ ਅਨੁਸਾਰ ਜੇਕਰ ਇਸ ਸੰਦੇਸ਼ ਨੂੰ ਸਮਝ ਲਿਆ ਜਾਵੇ ਤਾਂ ਇਹ ਦੇਸ਼ ਨੂੰ ਜੋੜਨ ਵਾਲਾ ਰਾਸ਼ਟਰੀ ਗੀਤ ਵੀ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ “ਬੇਗਮ” ਸ਼ਬਦ ਆਪਣੇ ਆਪ ਵਿੱਚ ਪਹਿਚਾਣ, ਇਜ਼ਤ ਅਤੇ ਇਨਸਾਫ਼ ਦਾ ਪ੍ਰਤੀਕ ਹੈ।
ਧਮਕੀਆਂ ’ਤੇ ਚਿੰਤਾ, ਪੰਜਾਬ ਦੀ ਅਮਨ-ਸ਼ਾਂਤੀ ਲਈ ਅਪੀਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਉਣ ਵਾਲੀ ਫੇਰੀ ਤੋਂ ਪਹਿਲਾਂ ਕੁਝ ਖਾਲਿਸਤਾਨੀ ਸੰਗਠਨਾਂ ਵੱਲੋਂ ਦਿੱਤੀਆਂ ਧਮਕੀਆਂ ਬਾਰੇ ਹੰਸਰਾਜ ਨੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਪੰਜਾਬ ਆਉਣ ਵਾਲੀ ਹਰ ਹਸਤੀ ਨੂੰ ਬਿਨਾਂ ਕਿਸੇ ਡਰ ਦੇ ਇੱਥੇ ਆਉਣ ਦਾ ਹੱਕ ਹੈ ਅਤੇ ਅਜਿਹੀਆਂ ਧਮਕੀਆਂ ਨਾਲ ਸੂਬੇ ਦੀ ਛਵੀ ਨੂੰ ਨੁਕਸਾਨ ਪਹੁੰਚਦਾ ਹੈ।
ਬੰਬ ਧਮਕੀਆਂ ਨੂੰ ਦੱਸਿਆ ਗੰਭੀਰ ਮਾਮਲਾ
ਚੰਡੀਗੜ੍ਹ ਵਿੱਚ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਸੰਬੰਧੀ ਮਿਲੀਆਂ ਧਮਕੀਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਹੰਸਰਾਜ ਨੇ ਕਿਹਾ ਕਿ ਇਹ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਅਤੇ ਇਸਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਨੂੰ ਪੂਰੀ ਗੰਭੀਰਤਾ ਨਾਲ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
ਪੰਜਾਬ ਲਈ ਕੀਤੀ ਦਿਲੋਂ ਅਰਦਾਸ
ਗੱਲਬਾਤ ਦੇ ਅਖੀਰ ’ਚ ਹੰਸਰਾਜ ਨੇ ਅਰਦਾਸ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਅਮਨ, ਪਿਆਰ ਅਤੇ ਭਾਈਚਾਰੇ ਦੀ ਮਿਸਾਲ ਰਹੀ ਹੈ। ਉਨ੍ਹਾਂ ਕਾਮਨਾ ਕੀਤੀ ਕਿ ਭਵਿੱਖ ਵਿੱਚ ਕਦੇ ਵੀ ਸੂਬੇ ਨੂੰ ਕਿਸੇ ਵੀ ਤਰ੍ਹਾਂ ਦੀ ਦੁਖਦਾਈ ਘਟਨਾ ਜਾਂ ਹਿੰਸਕ ਖ਼ਬਰ ਦਾ ਸਾਹਮਣਾ ਨਾ ਕਰਨਾ।

