ਚੰਡੀਗੜ੍ਹ :- ਪੰਜਾਬ ਦੀ ਮਸ਼ਹੂਰ ਗਾਇਕਾ, ਸਾਬਕਾ ਮੰਤਰੀ ਅਤੇ ਵਿਧਾਇਕ ਅਨਮੋਲ ਗਗਨ ਮਾਨ ਨੇ ਭਾਵੇਂ ਵਿਧਾਇਕ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਹੋਵੇ, ਪਰ ਹੁਣ ਉਹ 2025-26 ਲਈ ਪੰਜਾਬ ਵਿਧਾਨ ਸਭਾ ਦੀ ਪ੍ਰਸ਼ਨ ਅਤੇ ਸੰਦਰਭ ਕਮੇਟੀ ਦਾ ਹਿੱਸਾ ਨਹੀਂ ਰਹੀ। ਉਨ੍ਹਾਂ ਦੀ ਜਗ੍ਹਾ ਰਾਜਪੁਰਾ ਦੀ ਵਿਧਾਇਕ ਨੀਨਾ ਮਿੱਤਲ ਨੂੰ ਬਾਕੀ ਸਮੇਂ ਲਈ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਵਿਧਾਨ ਸਭਾ ਵੱਲੋਂ ਜਾਰੀ ਹੁਕਮਾਂ ਮੁਤਾਬਕ, ਇਹ ਫੈਸਲਾ ਸਪੀਕਰ ਵੱਲੋਂ ਨਿਯਮ 183 ਤਹਿਤ ਲਿਆ ਗਿਆ ਹੈ। ਹੁਣ ਨੀਨਾ ਮਿੱਤਲ ਇਸ ਕਮੇਟੀ ਵਿੱਚ ਅਨਮੋਲ ਗਗਨ ਮਾਨ ਦੀ ਬਾਕੀ ਮਿਆਦ ਪੂਰੀ ਕਰਨਗੀਆਂ।
ਕੁਲਦੀਪ ਧਾਲੀਵਾਲ ਨੂੰ ਵਪਾਰ ਕਮੇਟੀ ਵਿੱਚ ਨਵੀਂ ਜ਼ਿੰਮੇਵਾਰੀ
ਅਜਨਾਲਾ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਵਪਾਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਸਥਾਨ ਤਰਨਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ 27 ਜੂਨ 2025 ਨੂੰ ਦੇਹਾਂਤ ਕਾਰਨ ਖਾਲੀ ਹੋਇਆ ਸੀ। ਸਪੀਕਰ ਨੇ ਇਹ ਨਿਯੁਕਤੀ ਵਿਧਾਨ ਸਭਾ ਦੇ ਨਿਯਮ 180 (3) ਤਹਿਤ ਕੀਤੀ ਹੈ।
ਅਸਤੀਫੇ ਤੋਂ ਵਾਪਸੀ ਦੀ ਕਹਾਣੀ
19 ਜੁਲਾਈ ਨੂੰ ਅਨਮੋਲ ਗਗਨ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕਰਕੇ ਰਾਜਨੀਤੀ ਛੱਡਣ ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਦਿਲ ਭਾਰੀ ਹੈ ਪਰ ਲੋਕਾਂ ਦੀਆਂ ਉਮੀਦਾਂ ਤੇ ਪੂਰਾ ਉਤਰਨਾ ਹੀ ਮੁੱਖ ਉਦੇਸ਼ ਰਹੇਗਾ।
ਅਗਲੇ ਦਿਨ ਪਾਰਟੀ ਪ੍ਰਧਾਨ ਅਮਨ ਅਰੋੜਾ ਉਨ੍ਹਾਂ ਦੇ ਘਰ ਪਹੁੰਚੇ ਅਤੇ ਗੱਲਬਾਤ ਤੋਂ ਬਾਅਦ ਅਨਮੋਲ ਗਗਨ ਮਾਨ ਨੇ ਆਪਣਾ ਅਸਤੀਫ਼ਾ ਵਾਪਸ ਲੈ ਲਿਆ।