ਅੰਮ੍ਰਿਤਸਰ :- ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਚੁੱਕੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਕਾਂਗਰਸ ਵਿੱਚ ਜਾਣ ਦਾ ਫ਼ੈਸਲਾ ਕਰ ਲਿਆ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਪੁਸ਼ਟੀ ਕੀਤੀ ਕਿ ਉਹ ਕੱਲ੍ਹ ਰਸਮੀ ਤੌਰ ‘ਤੇ ਕਾਂਗਰਸ ਦਾ ਹਿੱਸਾ ਬਣਨਗੇ।
ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਲਿਆ ਫ਼ੈਸਲਾ
ਜੋਸ਼ੀ ਨੇ ਦੱਸਿਆ ਕਿ ਕੁੱਝ ਹਫ਼ਤੇ ਪਹਿਲਾਂ ਉਹ ਦਿੱਲੀ ਵਿੱਚ ਕਾਂਗਰਸ ਦੇ ਸੀਨੀਅਰ ਨੇਤਾਵਾਂ ਰਾਹੁਲ ਗਾਂਧੀ ਅਤੇ ਕੇਸੀ ਵੇਨੂਗੋਪਾਲ ਨਾਲ ਮਿਲੇ ਸਨ। ਇਸ ਮੁਲਾਕਾਤ ਦੌਰਾਨ ਸਿਆਸੀ ਹਾਲਾਤਾਂ ‘ਤੇ ਗੰਭੀਰ ਚਰਚਾ ਹੋਈ ਅਤੇ ਉਸੇ ਸਮੇਂ ਉਨ੍ਹਾਂ ਨੇ ਮਨ ਬਣਾ ਲਿਆ ਕਿ ਉਹ ਕਾਂਗਰਸ ‘ਚ ਸ਼ਾਮਲ ਹੋਣਗੇ।
ਛੇ ਮਹੀਨੇ ਪਹਿਲਾਂ ਦਿੱਤਾ ਸੀ ਅਸਤੀਫ਼ਾ
ਅਨਿਲ ਜੋਸ਼ੀ ਨੇ ਯਾਦ ਦਿਵਾਇਆ ਕਿ ਉਹ ਲਗਭਗ ਛੇ ਮਹੀਨੇ ਪਹਿਲਾਂ ਹੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਉਹ ਨਵੀਂ ਸਿਆਸੀ ਦਿਸ਼ਾ ਦੀ ਖੋਜ ਵਿੱਚ ਸਨ ਅਤੇ ਹੁਣ ਉਨ੍ਹਾਂ ਨੂੰ ਕਾਂਗਰਸ ਵਿੱਚ ਆਪਣਾ ਭਵਿੱਖ ਦਿਖਾਈ ਦੇ ਰਿਹਾ ਹੈ।
ਸੁਖਬੀਰ ਬਾਦਲ ਦੇ ਸੱਦੇ ਨੂੰ ਕੀਤਾ ਠੁਕਰਾਇਆ
ਜੋਸ਼ੀ ਨੇ ਖੁਲਾਸਾ ਕੀਤਾ ਕਿ ਕੁਝ ਮਹੀਨੇ ਪਹਿਲਾਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਅਤੇ ਪਾਰਟੀ ਵਿੱਚ ਵਾਪਸੀ ਦੀ ਪੇਸ਼ਕਸ਼ ਕੀਤੀ ਸੀ। ਪਰ ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਅਸਤੀਫ਼ਾ ਦੇਣ ਤੋਂ ਬਾਅਦ ਉਹ ਪੁਰਾਣੀ ਪਾਰਟੀ ‘ਚ ਵਾਪਸ ਜਾਣਾ ਨਹੀਂ ਚਾਹੁੰਦੇ।