ਤਰਨਤਾਰਨ :- ਤਰਨਤਾਰਨ ਜ਼ਿਲ੍ਹੇ ਵਿੱਚ ਲੁੱਟਾਂ-ਖੋਹਾਂ ਦੀ ਲਗਾਤਾਰ ਵੱਧ ਰਹੀ ਲੜੀ ਦਰਮਿਆਨ ਤੜਕਸਾਰ ਇੱਕ ਹੋਰ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀ ਬਜ਼ੁਰਗ ਅੰਮ੍ਰਿਤਧਾਰੀ ਮਹਿਲਾ ’ਤੇ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਲੁਟੇਰੇ ਉਸਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਗੰਭੀਰ ਹਾਲਤ ਵਿੱਚ ਮਹਿਲਾ ਨੂੰ ਅੰਮ੍ਰਿਤਸਰ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਤੜਕਸਾਰ ਗੁਰਦੁਆਰਾ ਸਾਹਿਬ ਜਾ ਰਹੇ ਸਨ ਦੰਪਤੀ
ਮ੍ਰਿਤਕਾ ਦੇ ਪਤੀ ਕਾਰਜ ਸਿੰਘ (71), ਨਿਵਾਸੀ ਪਿੰਡ ਮਥਰਾ ਭਾਗੀ, ਨੇ ਦੱਸਿਆ ਕਿ 12 ਜਨਵਰੀ ਨੂੰ ਉਹ ਆਪਣੀ ਪਤਨੀ ਤਸਬੀਰ ਕੌਰ ਨਾਲ ਤੜਕਸਾਰ ਲਗਭਗ 4 ਵਜੇ ਪਿੰਡ ਦੇ ਗੁਰਦੁਆਰਾ ਸਾਹਿਬ ਵੱਲ ਜਾ ਰਹੇ ਸਨ। ਰਸਤੇ ਵਿੱਚ ਕੁਝ ਦੂਰੀ ’ਤੇ ਅਚਾਨਕ ਤਿੰਨ ਲੁਟੇਰੇ ਸਾਹਮਣੇ ਆ ਗਏ, ਜਿਨ੍ਹਾਂ ਨੇ ਉਸਦੀ ਪਤਨੀ ’ਤੇ ਹਮਲਾ ਕਰ ਦਿੱਤਾ ਅਤੇ ਸੋਨੇ ਦੀਆਂ ਵਾਲੀਆਂ ਖੋਹ ਲਿਆਂ।
ਸਿਰ ’ਤੇ ਹਮਲਾ, ਅੰਮ੍ਰਿਤਸਰ ਹਸਪਤਾਲ ’ਚ ਟੁੱਟੀ ਸਾਹ
ਹਮਲੇ ਦੌਰਾਨ ਤਸਬੀਰ ਕੌਰ ਦੇ ਸਿਰ ’ਤੇ ਗੰਭੀਰ ਸੱਟਾਂ ਆਈਆਂ। ਉਸਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਜ਼ਖ਼ਮਾਂ ਦੀ ਤੀਬਰਤਾ ਕਾਰਨ ਉਹ ਜ਼ਿੰਦਗੀ ਦੀ ਲੜਾਈ ਹਾਰ ਗਈ। ਇਸ ਘਟਨਾ ਨਾਲ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਇੱਕ ਨਾਮਜ਼ਦ, ਦੋ ਅਣਪਛਾਤੇ—ਪੁਲਸ ਦੀ ਤਲਾਸ਼ ਜਾਰੀ
ਇਸ ਮਾਮਲੇ ਸਬੰਧੀ ਥਾਣਾ ਖਾਲੜਾ ਦੇ ਏਐੱਸਆਈ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਪਿੰਡ ਦੇ ਹੀ ਰਹਿਣ ਵਾਲੇ ਵਰਿਆਮ ਸਿੰਘ ਪੁੱਤਰ ਗੁਲਜਾਰ ਸਿੰਘ ਸਮੇਤ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਾਂਚ ਹਰ ਪੱਖੋਂ ਅੱਗੇ ਵਧਾਈ ਜਾ ਰਹੀ ਹੈ।
ਲੁੱਟਾਂ ਦੀਆਂ ਵਾਰਦਾਤਾਂ ’ਤੇ ਉਠੇ ਸਵਾਲ
ਤੜਕਸਾਰ ਵਾਪਰੀ ਇਸ ਘਟਨਾ ਨੇ ਜ਼ਿਲ੍ਹੇ ਵਿੱਚ ਵਧ ਰਹੀਆਂ ਲੁੱਟਾਂ ਅਤੇ ਪੁਲਸ ਦੀ ਕਾਰਗੁਜ਼ਾਰੀ ’ਤੇ ਇੱਕ ਵਾਰ ਫਿਰ ਸਵਾਲ ਖੜੇ ਕਰ ਦਿੱਤੇ ਹਨ। ਲੋਕਾਂ ਵਿੱਚ ਡਰ ਦਾ ਮਾਹੌਲ ਹੈ ਅਤੇ ਇਨਸਾਫ਼ ਦੀ ਮੰਗ ਤੇਜ਼ ਹੋ ਰਹੀ ਹੈ।

