ਪਿਛਲੇ ਕਈ ਸਾਲਾਂ ਤੋਂ ਘਰ ਦੇ ਉੱਪਰ ਬਹੁਤ ਹੀ ਨੀਵੀਆਂ ਤਾਰਾਂ ਨੂੰ ਬਦਲਣ ਲਈ ਪਰਿਵਾਰ ਵੱਲੋਂ ਪ੍ਰਸ਼ਾਸਨ ਨੂੰ ਕੀਤੀ ਜਾ ਰਹੀ ਸੀ ਅਪੀਲ
ਬਿਜਲੀ ਅਧਿਕਾਰੀਆਂ ਸਮੇਤ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਨੇ ਭਰੋਸਾ ਦੇਣ ਦੇ ਬਾਵਜੂਦ ਵੀ ਨਹੀਂ ਹਟਾਈਆਂ ਤਾਰਾਂ
ਵੱਲਾ :- ਪਿੰਡ ਵੱਲਾ ਦੇ ਮੇਨ ਚੌਂਕ ਨਜਦੀਕ 50 ਦੇ ਕਰੀਬ ਘਰਾਂ ਦੇ ਉੱਪਰੋਂ ਲੰਘ ਰਹੀ ਹਾਈ ਵੋਲਟੇਜ ਤਾਰਾਂ ਇਨੀਆਂ ਨੀਵੀਆਂ ਹਨ ਕਿ ਲੋਕ ਆਪਣੇ ਕੋਠਿਆਂ ਤੋਂ ਵੀ ਚੜਨ ਤੋਂ ਡਰਦੇ ਹਨ ਤਾਂ ਕਿ ਉਹ ਹਾਈ ਤਾਰਾਂ ਦੀ ਲਪੇਟ ਵਿੱਚ ਨਾ ਆ ਸਕਣ ਪਰੰਤੂ ਕੱਲ ਇੱਕ ਅਜਿਹੀ ਘਟਨਾ ਵਾਪਰੀ ਇੱਕ ਨੌਜਵਾਨ ਮੰਗਲ ਸਿੰਘ ਮੰਗਾ ਆਪਣੇ ਘਰ ਦੇ ਕੋਠੇ ਉੱਤੇ ਟਹਿਲ ਰਿਹਾ ਸੀ ਕਿ ਅਚਾਨਕ ਹੀ ਦੂਰੋਂ ਹਾਈ ਵੋਲਟੇਜ ਤਾਰਾਂ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ। ਜਿਸ ਨਾਲ ਉਹ ਤੜਫਣ ਲੱਗ ਗਿਆ ਤੇ ਬੜੀ ਮੁਸ਼ਕਲ ਨਾਲ ਤਾਰਾਂ ਦੀ ਲਪੇਟ ਚੋਂ ਖੈੜਾ ਛਡਾਉਣ ਨਾਲ ਹੀ ਉਹ ਬੇਹੋਸ਼ ਹੋ ਗਿਆ। ਮੌਕੇ ਤੇ ਜੁਗਰਾਜ ਸਿੰਘ ਤੇ ਹੋਰ ਇਲਾਕਾ ਨਿਵਾਸੀਆਂ ਨੇ ਮੰਗਲ ਸਿੰਘ ਮੰਗਾਂ ਨੂੰ ਇੱਕ ਨਜਦੀਕੀ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੁਗਰਾਜ ਸਿੰਘ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹ ਪ੍ਰਸ਼ਾਸਨ ਅਤੇ ਬਿਜਲੀ ਦੇ ਅਧਿਕਾਰੀਆਂ ਨੂੰ ਇਸ ਇਲਾਕੇ ਦੇ ਵਿੱਚੋਂ ਤਾਰਾਂ ਬਾਹਰ ਸ਼ਿਫਟ ਕਰਨ ਜਾਂ ਹਟਾਉਣ ਲਈ ਫਰਿਆਦ ਕਰ ਚੁੱਕੇ ਹਨ। ਉਨ੍ਹਾਂ ਲਿਖ ਕੇ ਵੀ ਅਰਜ਼ੀ ਦਿੱਤੀ ਪਰੰਤੂ ਕਿਸੇ ਵੀ ਬਿਜਲੀ ਅਧਿਕਾਰੀ ਜਾਂ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਨਹੀਂ ਸਰਕੀ ਤੇ ਕੋਈ ਕੰਮ ਨਹੀਂ ਕਰਵਾਇਆ ਗਿਆ।
ਨਾਲ ਹੀ ਗੱਲਬਾਤ ਕਰਦੇ ਹੋਏ ਭੋਲਾ ਸਿੰਘ ਮਿਸਤਰੀ, ਜਸ ਅਮਰੀਕ ਸਿੰਘ, ਹਰਦੀਪ ਸਿੰਘ, ਮਲਕੀਤ ਸਿੰਘ ਟਹਿਰਾਵਾਲਾ ਆਦਿ ਨੇ ਕਿਹਾ ਕਿ ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਸਥਿਤ ਚੌਂਕ ਵੱਲਾ ਦੇ ਵਿੱਚ ਕਰੀਬ 50 ਘਰਾਂ ਦੇ ਉੱਪਰੋਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਇਨੀਆਂ ਨੀਵੀਆਂ ਲੰਘਦੀਆਂ ਹਨ ਕਿ ਕੋਈ ਨਿੱਕਾ ਬੱਚਾ ਵੀ ਉਸ ਦੀ ਲਪੇਟ ਵਿੱਚ ਆ ਸਕਦਾ ਹੈ।
ਉਹਨਾਂ ਨੇ ਕਿਹਾ ਕਿ ਇਹਨਾਂ ਤਾਰਾਂ ਦੇ ਵਿੱਚ ਇੰਨਾ ਜਿਆਦਾ ਕਰੰਟ ਹੁੰਦਾ ਹੈ ਕਿ ਇਹ ਦੂਰੋਂ ਹੀ ਇਨਸਾਨ ਨੂੰ ਆਪਣੇ ਵੱਲ ਖਿੱਚ ਲੈਂਦੀਆਂ ਹਨ ਜਿਸ ਕਰਕੇ ਇਹਨਾਂ 50 ਘਰਾਂ ਦੇ ਲੋਕਾਂ ਦੇ ਉੱਪਰ ਹਰ ਵੇਲੇ ਖਤਰਾ ਮੰਡਰਾਇਆ ਰਹਿੰਦਾ ਹੈ ਤੇ ਲੋਕ ਦਹਿਸ਼ਤ ਵਿੱਚ ਜਿੰਦਗੀ ਕੱਟ ਰਹੇ ਹਨ ਕਿ ਕਿਤੇ ਕੋਈ ਤਾਰ ਟੁੱਟ ਕੇ ਉਹਨਾਂ ਦੇ ਘਰਾਂ ਦੇ ਉੱਪਰ ਡਿੱਗ ਨਾ ਜਾਵੇ ਤੇ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਜਾਵੇ।
ਉਹਨਾਂ ਨੇ ਕਿਹਾ ਕਿ ਮੰਗਲ ਸਿੰਘ ਦੀ ਜ਼ਿੰਦਗੀ ਬਹੁਤ ਹੀ ਮੁਸ਼ਕਿਲ ਨਾਲ ਬਚੀ ਹੈ। ਉਹਨਾਂ ਕਿਹਾ ਜੇਕਰ ਕੋਈ ਅਣਹੋਣੀ ਹੋ ਜਾਂਦੀ ਤਾਂ ਇਸ ਦਾ ਸਾਰਾ ਜਿੰਮਾ ਪਾਵਰਕਾਮ ਦੇ ਬਿਜਲੀ ਅਧਿਕਾਰੀਆਂ ਨੂੰ ਜਾਂਦਾ ਹੈ। ਪਰਿਵਾਰ ਨੇ ਪ੍ਰਸ਼ਾਸਨ ਤੇ ਬਿਜਲੀ ਵਿਭਾਗ ਤੋਂ ਜਿੱਥੇ ਮੁਆਵਜੇ ਦੀ ਬੇਨਤੀ ਕੀਤੀ ਹੈ। ਉੱਥੇ ਨਾਲ ਹੀ ਉਹਨਾਂ ਅਧਿਕਾਰੀਆਂ ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਜਿਹੜੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀ ਬਜਾਏ ਉਹਨਾਂ ਨੂੰ ਲਾਰੇ ਲੱਪੇ ਲਗਾ ਕੇ ਹੀ ਟਾਈਮ ਗੁਜ਼ਾਰਦੇ ਹਨ।