ਅੰਮ੍ਰਿਤਸਰ :- ਸ਼ੁੱਕਰਵਾਰ ਦੇਰ ਰਾਤ ਅੰਮ੍ਰਿਤਸਰ ਦੇ ਅਜਨਾਲਾ ਰੋਡ ਬਾਈਪਾਸ ‘ਤੇ ਦਰਦਨਾਕ ਸੜਕ ਹਾਦਸਾ ਵਾਪਰਿਆ। 18 ਟਾਇਰਾਂ ਵਾਲੇ ਟਰੱਕ ਨੇ ਤਿੰਨ ਬਾਈਕ ਸਵਾਰਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਨਾਲ ਸਥਾਨਕ ਲੋਕਾਂ ਵਿੱਚ ਸਨਸਨੀ ਫੈਲ ਗਈ।
ਲੋਹੇ ਦੇ ਗਰਡਰ ਨਾਲ ਭਰਿਆ ਟਰੱਕ ਹੋਇਆ ਬੇਕਾਬੂ
ਜਾਂਚ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਇਆ ਟਰੱਕ ਮਾਹਲਾ ਤੋਂ ਅਜਨਾਲਾ ਵੱਲ ਜਾ ਰਿਹਾ ਸੀ ਅਤੇ ਇਸ ਵਿੱਚ ਲੋਹੇ ਦੇ ਗਰਡਰ ਲੱਦੇ ਹੋਏ ਸਨ। ਟਰੱਕ ਦੇ ਪਿੱਛੇ ਬਾਈਕ ਸਵਾਰ ਜਾ ਰਹੇ ਸਨ। ਅਚਾਨਕ ਟਰੱਕ ਬੇਕਾਬੂ ਹੋ ਕੇ ਉਲਟ ਗਿਆ ਅਤੇ ਪਿੱਛੇ ਆ ਰਹੇ ਬਾਈਕ ਸਵਾਰਾਂ ਨੂੰ ਟੱਕਰ ਮਾਰਦਿਆਂ ਕੁਚਲ ਦਿੱਤਾ।
ਪੁਲਿਸ ਨੇ ਲਾਸ਼ਾਂ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜੀਆਂ
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰਕੇ ਤੁਰੰਤ ਹੀ ਪੋਸਟਮਾਰਟਮ ਲਈ ਭੇਜ ਦਿੱਤੀਆਂ।
ਡਰਾਈਵਰ ਹਿਰਾਸਤ ਵਿੱਚ, ਜਾਂਚ ਜਾਰੀ
ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਹਾਦਸੇ ਦੇ ਕਾਰਣਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਘਟਨਾ ਦੇ ਗਵਾਹਾਂ ਤੋਂ ਵੀ ਜਾਣਕਾਰੀ ਇਕੱਠੀ ਕਰ ਰਹੀ ਹੈ।