ਅੰਮ੍ਰਿਤਸਰ :- ਅੰਮ੍ਰਿਤਸਰ ਜ਼ਿਲ੍ਹੇ ਦੇ ਰਮਦਾਸ ਕਸਬੇ ਨਾਲ ਸਬੰਧਿਤ ਨਾਇਬ ਸੂਬੇਦਾਰ ਪ੍ਰਗਟ ਸਿੰਘ (31) ਜੰਮੂ-ਕਸ਼ਮੀਰ ਵਿੱਚ ਦੇਸ਼ ਦੀ ਸੇਵਾ ਨਿਭਾਉਂਦੇ ਹੋਏ ਸ਼ਹੀਦ ਹੋ ਗਏ। ਸ਼ਹੀਦ ਦੀ ਮ੍ਰਿਤਕ ਦੇਹ ਅੱਜ ਦੁਪਹਿਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ, ਰਾਜਾਸਾਂਸੀ ’ਤੇ ਹਵਾਈ ਜਹਾਜ਼ ਰਾਹੀਂ ਲਿਆਂਦੀ ਜਾਵੇਗੀ, ਜਿੱਥੋਂ ਇਸਨੂੰ ਉਨ੍ਹਾਂ ਦੇ ਜੱਦੀ ਪਿੰਡ ਰਾਮਦਾਸ ਲਈ ਰਵਾਨਾ ਕੀਤਾ ਜਾਵੇਗਾ।
ਕੱਲ੍ਹ ਪੂਰੇ ਫੌਜੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸਸਕਾਰ
ਪ੍ਰਸ਼ਾਸਨਕ ਜਾਣਕਾਰੀ ਮੁਤਾਬਕ ਸ਼ਹੀਦ ਪ੍ਰਗਟ ਸਿੰਘ ਦਾ ਅੰਤਿਮ ਸਸਕਾਰ ਕੱਲ੍ਹ ਪਿੰਡ ਰਾਮਦਾਸ ਵਿੱਚ ਪੂਰੇ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ। ਹਾਲਾਂਕਿ ਹੁਣ ਤੱਕ ਉਨ੍ਹਾਂ ਦੀ ਸ਼ਹਾਦਤ ਦੇ ਹਾਲਾਤਾਂ ਬਾਰੇ ਸਰਕਾਰੀ ਤੌਰ ’ਤੇ ਕੋਈ ਵਿਸਥਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
2015 ਵਿੱਚ ਫੌਜ ’ਚ ਭਰਤੀ, ਮੁਸ਼ਕਲ ਇਲਾਕਿਆਂ ’ਚ ਨਿਭਾਈ ਸੇਵਾ
ਪ੍ਰਗਟ ਸਿੰਘ 23 ਦਸੰਬਰ 2015 ਨੂੰ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ। ਪਿਛਲੇ ਨੌਂ ਸਾਲਾਂ ਦੌਰਾਨ ਉਹ ਲਗਾਤਾਰ ਚੁਣੌਤੀਪੂਰਨ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਤਾਇਨਾਤ ਰਹੇ। ਇਸ ਸਮੇਂ ਉਹ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਭਾਰਤੀ ਫੌਜ ਦੀ 19ਵੀਂ ਰਾਸ਼ਟਰੀ ਰਾਈਫਲਜ਼ ਯੂਨਿਟ ਨਾਲ ਸੇਵਾ ਨਿਭਾ ਰਹੇ ਸਨ।
ਪਿੰਡ ਤੇ ਇਲਾਕੇ ’ਚ ਸੋਗ ਦੀ ਲਹਿਰ
ਸ਼ਹਾਦਤ ਦੀ ਖ਼ਬਰ ਮਿਲਦੇ ਹੀ ਰਾਮਦਾਸ ਕਸਬੇ ਸਮੇਤ ਆਸ-ਪਾਸ ਦੇ ਪਿੰਡਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਲੋਕਾਂ ਨੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਹੀਦ ਦੀ ਕੁਰਬਾਨੀ ਨੂੰ ਨਮਨ ਕੀਤਾ।
ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ
ਸ਼ਹੀਦ ਪ੍ਰਗਟ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਦੋ ਨੰਨੇ ਬੱਚੇ ਛੱਡ ਗਏ ਹਨ। ਪਰਿਵਾਰ ਗਹਿਰੇ ਸਦਮੇ ’ਚ ਹੈ, ਜਦਕਿ ਪੂਰਾ ਪਿੰਡ ਦੇਸ਼ ਲਈ ਦਿੱਤੀ ਇਸ ਵੱਡੀ ਕੁਰਬਾਨੀ ’ਤੇ ਗਰਵ ਮਹਿਸੂਸ ਕਰਦਾ ਹੋਇਆ ਸ਼ਹੀਦ ਨੂੰ ਅਖੰਡ ਸ਼ਰਧਾਂਜਲੀ ਅਰਪਿਤ ਕਰ ਰਿਹਾ ਹੈ।

