ਅੰਮ੍ਰਿਤਸਰ :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਧਰਮ ਪਤਨੀ ਤੇ ਕੇਂਦਰੀ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਦੋਵਾਂ ਨੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਵਾਹਿਗੁਰੂ ਅੱਗੇ ਸ਼ੁਕਰਾਨਾ ਅਦਾ ਕੀਤਾ। ਦਰਸ਼ਨਾਂ ਤੋਂ ਬਾਅਦ ਸੁਖਬੀਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੇਸ਼ ਅਤੇ ਪੰਜਾਬ ਨਾਲ ਸਬੰਧਤ ਕਈ ਅਹਿਮ ਮਸਲਿਆਂ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਸਪਸ਼ਟ ਕੀਤਾ।
ਮਨਰੇਗਾ ‘ਚ ਬਦਲਾਅ ਗਰੀਬਾਂ ‘ਤੇ ਸਿੱਧਾ ਹਮਲਾ
ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਵਿੱਚ ਕੀਤੀਆਂ ਤਬਦੀਲੀਆਂ ਨੂੰ ਗਰੀਬ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਯੋਜਨਾ ਪਹਿਲਾਂ ਕੇਂਦਰ ਦੀ ਪੂਰੀ ਜ਼ਿੰਮੇਵਾਰੀ ਹੁੰਦੀ ਸੀ, ਪਰ ਹੁਣ 60 ਫੀਸਦੀ ਕੇਂਦਰ ਅਤੇ 40 ਫੀਸਦੀ ਰਾਜ ਸਰਕਾਰਾਂ ‘ਤੇ ਭਾਰ ਪਾ ਦਿੱਤਾ ਗਿਆ ਹੈ। ਉਨ੍ਹਾਂ ਮੁਤਾਬਕ ਪੰਜਾਬ ਵਰਗੇ ਆਰਥਿਕ ਤੌਰ ‘ਤੇ ਕਮਜ਼ੋਰ ਸੂਬਿਆਂ ਲਈ ਇਹ ਫੈਸਲਾ ਵੱਡੀ ਮੁਸ਼ਕਲ ਖੜੀ ਕਰ ਸਕਦਾ ਹੈ।
100 ਦਿਨਾਂ ਦੇ ਰੋਜ਼ਗਾਰ ਦੀ ਗਰੰਟੀ ਖਤਰੇ ‘ਚ
ਅਕਾਲੀ ਦਲ ਮੁਖੀ ਨੇ ਕਿਹਾ ਕਿ ਮਨਰੇਗਾ ਸਕੀਮ ਗਰੀਬਾਂ ਨੂੰ 100 ਦਿਨਾਂ ਦਾ ਰੋਜ਼ਗਾਰ ਦੇਣ ਦੀ ਗਰੰਟੀ ਸੀ, ਪਰ ਫੰਡਿੰਗ ਦੇ ਨਵੇਂ ਫਾਰਮੂਲੇ ਨਾਲ ਇਹ ਮਕਸਦ ਪਿੱਛੇ ਰਹਿ ਜਾਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰੀ ਸਕੀਮਾਂ ਦਾ ਲਾਭ ਜ਼ਮੀਨ ‘ਤੇ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਅਤੇ ਇਸਦਾ ਨੁਕਸਾਨ ਸਿੱਧਾ ਮਜ਼ਦੂਰ ਵਰਗ ਨੂੰ ਭੁਗਤਣਾ ਪੈ ਰਿਹਾ ਹੈ।
ਨਿਊਜ਼ੀਲੈਂਡ ‘ਚ ਨਗਰ ਕੀਰਤਨ ਮਾਮਲੇ ‘ਤੇ ਸਖ਼ਤ ਰੁਖ਼
ਨਿਊਜ਼ੀਲੈਂਡ ਵਿੱਚ ਸਿੱਖਾਂ ਦੇ ਨਗਰ ਕੀਰਤਨ ਦੇ ਵਿਰੋਧ ਦੀ ਘਟਨਾ ‘ਤੇ ਸੁਖਬੀਰ ਬਾਦਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਵਿੱਚ ਧਾਰਮਿਕ ਆਜ਼ਾਦੀ ਨਾਲ ਸਮਾਗਮ ਮਨਾਉਣਾ ਲੋਕਾਂ ਦਾ ਮੂਲ ਅਧਿਕਾਰ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਨਿਊਜ਼ੀਲੈਂਡ ਸਰਕਾਰ ਨਾਲ ਇਸ ਮਸਲੇ ‘ਤੇ ਗੰਭੀਰਤਾ ਨਾਲ ਗੱਲਬਾਤ ਕੀਤੀ ਜਾਵੇ।
ਸਿਟੀਜਨਸ਼ਿਪ ਦਿੱਤੀ ਹੈ ਤਾਂ ਸੁਰੱਖਿਆ ਵੀ ਫਰਜ਼ ਹੈ
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਜੇ ਨਿਊਜ਼ੀਲੈਂਡ ਸਰਕਾਰ ਨੇ ਪੰਜਾਬੀਆਂ ਨੂੰ ਸਿਟੀਜਨਸ਼ਿਪ ਦਿੱਤੀ ਹੈ ਤਾਂ ਉਨ੍ਹਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣਾ ਵੀ ਉਸ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਅੱਗੇ ਤੋਂ ਅਜਿਹੀਆਂ ਘਟਨਾਵਾਂ ਨਾ ਦੁਹਰਾਈਆਂ ਜਾਣ, ਇਸ ਲਈ ਪੱਕੇ ਪ੍ਰਬੰਧ ਕੀਤੇ ਜਾਣ।
ਮੀਡੀਆ ਨਾਲ ਗੱਲਬਾਤ ਦੌਰਾਨ ਸੁਖਬੀਰ ਬਾਦਲ ਨੇ ਇਹ ਵੀ ਦੋਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ ਹਰ ਮੋਰਚੇ ‘ਤੇ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਡਟ ਕੇ ਖੜ੍ਹਾ ਰਹੇਗਾ।

