ਅੰਮ੍ਰਿਤਸਰ :- ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਅਤੇ ਵੱਡੇ ਪੱਧਰ ਦੇ ਨੁਕਸਾਨ ਨੂੰ ਦੇਖਦਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੁਲਾਜ਼ਮ ਮੱਦਦ ਲਈ ਅੱਗੇ ਆਏ ਹਨ। ਸਮੂਹ ਮੁਲਾਜ਼ਮਾਂ ਨੇ ਫੈਸਲਾ ਕੀਤਾ ਹੈ ਕਿ ਉਹ ਇਕ ਦਿਨ ਦੀ ਤਨਖਾਹ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਚੱਲ ਰਹੀਆਂ ਰਾਹਤ ਸੇਵਾਵਾਂ ਵਿਚ ਦਾਨ ਕਰਨਗੇ।
ਪਹਿਲੇ ਦਿਨ ਤੋਂ ਹੜ੍ਹ ਪੀੜਤਾਂ ਦੀ ਸੇਵਾ ਜਾਰੀ
ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ SGPC ਹੜ੍ਹ ਆਉਣ ਦੇ ਪਹਿਲੇ ਦਿਨ ਤੋਂ ਲਗਾਤਾਰ ਸੇਵਾ ਨਿਭਾ ਰਹੀ ਹੈ। ਸੰਸਥਾ ਦੇ ਮੁਲਾਜ਼ਮ ਪਾਣੀ-ਘਿਰੇ ਪਿੰਡਾਂ ਤੱਕ ਪਹੁੰਚ ਕੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰ ਕੁਦਰਤੀ ਆਫ਼ਤ ਸਮੇਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਪਹਿਲ ਵੀ ਸੇਵਾਵਾਂ ਅਤੇ ਆਪਣੀ ਤਨਖਾਹ ਵਿੱਚੋਂ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਰਹੀ ਹੈ।
ਹਾਲਾਤ ਸੁਧਰਨ ਤੱਕ ਰਾਹਤ ਕਾਰਜ ਜਾਰੀ ਰਹਿਣਗੇ
ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਰਾਹਤ ਸੇਵਾਵਾਂ ਲਗਾਤਾਰ ਚੱਲਦੀਆਂ ਰਹਿਣਗੀਆਂ। ਇਸ ਮੌਕੇ SGPC ਦੇ ਕਈ ਅਧਿਕਾਰੀ ਅਤੇ ਮੁਲਾਜ਼ਮ ਵੀ ਹਾਜ਼ਰ ਸਨ, ਜਿਹਨਾਂ ਨੇ ਇਕੱਠੇ ਹੋ ਕੇ ਇਹ ਫੈਸਲਾ ਲਿਆ ਕਿ ਹੜ੍ਹ ਪੀੜਤਾਂ ਦੀ ਮਦਦ ਵਿੱਚ ਕੋਈ ਕਮੀ ਨਾ ਛੱਡੀ ਜਾਵੇ।