ਸਮਰਾਲਾ :- ਆਜ਼ਾਦੀ ਦਿਹਾੜੇ ਮੌਕੇ ਸੁਰੱਖਿਆ ਪ੍ਰਬੰਧਾਂ ਅਤੇ ਨਾਕਾਬੰਦੀ ਦੌਰਾਨ ਸਮਰਾਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ। ਪੁਲਿਸ ਚੌਂਕੀ ਹੇਡੋਂ ਦੇ ਨੇੜੇ ਲਗਾਈ ਨਾਕਾਬੰਦੀ ਦੌਰਾਨ ਇੱਕ ਫਾਰਚੂਨਰ ਸਵਾਰ ਪੰਜ ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੇ ਕਬਜ਼ੇ ਵਿੱਚੋਂ 4 ਲੱਖ 80 ਹਜ਼ਾਰ ਰੁਪਏ ਦੀ ਡਰੱਗ ਮਨੀ, 50 ਗ੍ਰਾਮ ਮੌਰਫਿਨ ਅਤੇ 3 ਗ੍ਰਾਮ ਹੈਰੋਇਨ ਬਰਾਮਦ ਹੋਈ।
ਅੰਮ੍ਰਿਤਸਰ ਤੋਂ ਚੰਡੀਗੜ੍ਹ ਵੱਲ ਜਾ ਰਹੇ ਸਨ
ਐੱਸਐੱਚਓ ਪਵਿੱਤਰ ਸਿੰਘ ਮੁਤਾਬਕ, ਗ੍ਰਿਫ਼ਤਾਰ ਹੋਏ ਸਾਰੇ ਸਮੱਗਲਰ ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਾ ਛੇਹਰਟਾ ਨਾਲ ਸੰਬੰਧਤ ਹਨ ਅਤੇ ਅੱਜ ਸਵੇਰੇ ਚੰਡੀਗੜ੍ਹ ਵੱਲ ਰਵਾਨਾ ਹੋ ਰਹੇ ਸਨ। ਫਾਰਚੂਨਰ ਗੱਡੀ ਅਜੇ ਦੇਵਗਨ ਚਲਾ ਰਿਹਾ ਸੀ, ਜਦਕਿ ਪ੍ਰਾਣ ਸ਼ਰਮਾ, ਦੀਪਕ, ਪਰਮਦੀਪ ਅਤੇ ਲਵਪ੍ਰੀਤ ਸਾਥੀ ਸਨ। ਤਲਾਸ਼ੀ ਦੌਰਾਨ ਨਸ਼ੀਲਾ ਸਮਾਨ ਅਤੇ ਰਕਮ ਮਿਲੀ।
ਮੁੱਖ ਅਰੋਪੀ ‘ਤੇ ਪਹਿਲਾਂ ਵੀ ਕੇਸ
ਪੁਲਿਸ ਅਨੁਸਾਰ, ਅਜੇ ਦੇਵਗਨ ‘ਤੇ ਪਹਿਲਾਂ ਵੀ ਦੋ ਐੱਨਡੀਪੀਐੱਸ ਐਕਟ ਦੇ ਕੇਸ ਦਰਜ ਹਨ। ਉਹ ਸਿਰਫ਼ ਦੋ ਦਿਨ ਪਹਿਲਾਂ ਹੀ ਇੱਕ ਕਿਲੋ ਹੈਰੋਇਨ ਬਰਾਮਦਗੀ ਦੇ ਮਾਮਲੇ ‘ਚੋਂ ਜ਼ਮਾਨਤ ‘ਤੇ ਬਾਹਰ ਆਇਆ ਸੀ।
ਸਪਲਾਈ ਚੇਨ ਦੀ ਜਾਂਚ ਜਾਰੀ
ਫ਼ਿਲਹਾਲ ਪੁਲਿਸ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਗਰੁੱਪ ਨਸ਼ਾ ਕਿੱਥੋਂ ਲੈਂਦਾ ਸੀ ਅਤੇ ਕਿੱਥੇ ਸਪਲਾਈ ਕਰਦਾ ਸੀ। ਜਾਂਚ ਪੂਰੀ ਗੰਭੀਰਤਾ ਨਾਲ ਜਾਰੀ ਹੈ।