ਅੰਮ੍ਰਿਤਸਰ :- ਅੰਮ੍ਰਿਤਸਰ ਦੇ ਬਟਾਲਾ ਰੋਡ ਸਥਿਤ ਜਵਾਹਰ ਨਗਰ ਦੀ ਮੁਰਗੀਖਾਨਾ ਗਲੀ ਨੰਬਰ 7 ਵਿੱਚ ਇੱਕ ਗੰਭੀਰ ਹਾਦਸਾ ਵਾਪਰਿਆ। ਧੀ ਦਾ ਵਿਆਹ ਕਰਜ਼ਾ ਚੁੱਕ ਕੇ ਕਰਵਾਉਣ ਵਾਲੇ ਪਰਿਵਾਰ ਦੇ ਘਰ ਦੀ ਛੱਤ ਅਚਾਨਕ ਡਿੱਗ ਗਈ। ਵਿਆਹ ਦੇ ਸਮੇਂ ਘਰ ਵਿੱਚ ਕਈ ਰਿਸ਼ਤੇਦਾਰ ਮੌਜੂਦ ਸਨ, ਪਰ ਖੁਸ਼ਕਿਸਮਤੀ ਨਾਲ ਕਿਸੇ ਵੀ ਜਾਨੀ ਨੁਕਸਾਨ ਦੀ ਸੁਚਨਾ ਨਹੀਂ ਹੈ। ਹਾਲਾਂਕਿ, ਘਰ ਦੇ ਸਾਰੇ ਸਮਾਨ ਦੇ ਨਸ਼ਟ ਹੋਣ ਨਾਲ ਮਾਲੀ ਨੁਕਸਾਨ ਬਹੁਤ ਵੱਡਾ ਹੋਇਆ ਹੈ।
ਰਾਤ 3:30 ਵਜੇ ਵਾਪਰੀ ਘਟਨਾ
ਇਸ ਘਟਨਾ ਬਾਰੇ ਘਰ ਦੇ ਰਹਿਣ ਵਾਲੇ ਸਚਿਨ ਨੇ ਦੱਸਿਆ ਕਿ ਰਾਤ ਕਰੀਬ 3:30 ਵਜੇ ਛੱਤ ਹੌਲੀ-ਹੌਲੀ ਕਰਕੇ ਢਹਿਣੀ ਸ਼ੁਰੂ ਹੋਈ। ਪਹਿਲਾਂ ਮਾਂ ਨੇ ਸ਼ਿਕਾਇਤ ਕੀਤੀ ਕਿ ਛੱਤ ਵਿੱਚੋਂ ਪਾਣੀ ਆ ਰਿਹਾ ਹੈ। ਇਸ ਤੋਂ ਬਾਅਦ ਸਾਰੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਉੱਪਰਲੀ ਮੰਜ਼ਿਲ ਤੋਂ ਹੇਠਾਂ ਉਤਰ ਆਏ। ਕੁਝ ਮਿੰਟਾਂ ਵਿੱਚ ਹੀ ਲੈਂਟਰ ਥੱਲੇ ਡਿੱਗ ਗਿਆ। ਸਮੇਂ ਸਿਰ ਕੀਤੇ ਬਚਾਅ ਕਰਕੇ ਕਿਸੇ ਦੀ ਜਾਨ ਨਹੀਂ ਗਈ।
ਕਰਜ਼ੇ ਨਾਲ ਬਣਿਆ ਘਰ ਹੋਇਆ ਤਬਾਹ
ਮਕਾਨ ਦੇ ਮਾਲਕ ਨੇ ਦੱਸਿਆ ਕਿ ਇਹ ਘਰ ਬਹੁਤ ਮੁਸ਼ਕਿਲ ਨਾਲ ਬਣਾਇਆ ਗਿਆ ਸੀ। ਧੀ ਦਾ ਵਿਆਹ ਵੀ ਕਰਜ਼ਾ ਚੁੱਕ ਕੇ ਕੀਤਾ ਗਿਆ ਸੀ। ਹੁਣ ਛੱਤ ਡਿੱਗਣ ਕਾਰਨ ਪਰਿਵਾਰ ਕਿਰਾਏ ਦੇ ਮਕਾਨ ਵਿੱਚ ਰਹਿਣ ਲਈ ਮਜਬੂਰ ਹੈ। ਘਰ ਦਾ ਸਾਰਾ ਸਮਾਨ ਜਿਵੇਂ ਕਿ ਬੈਡ, ਪੱਖੇ, ਕੂਲਰ, ਬਕਸੇ ਆਦਿ ਟੁੱਟ-ਫੁੱਟ ਗਏ ਹਨ। ਉਨ੍ਹਾਂ ਕਿਹਾ ਕਿ “ਘਰ ਤਾਂ ਇਕ ਆਸਰਾ ਹੁੰਦਾ ਹੈ, ਜਦ ਉਹੀ ਢਹਿ ਜਾਵੇ ਤਾਂ ਇਨਸਾਨ ਅੰਦਰੋਂ ਹਿਲ ਜਾਂਦਾ ਹੈ।”
ਸਰਕਾਰੀ ਮਦਦ ਤੋਂ ਵਾਂਝੇ
ਇਸ ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਕੌਂਸਲਰ, ਨਗਰ ਨਿਗਮ ਅਤੇ ਹੋਰ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ। ਪਰਿਵਾਰ ਨੇ ਦੱਸਿਆ ਕਿ “ਸਾਨੂੰ ਸਿਰਫ਼ ਵਾਅਦੇ ਹੀ ਮਿਲੇ ਨੇ, ਹਾਲੇ ਤੱਕ ਕੋਈ ਸਰਕਾਰੀ ਮਦਦ ਸਾਡੇ ਤੱਕ ਨਹੀਂ ਪਹੁੰਚੀ।” ਪਰਿਵਾਰ ਨੇ ਸਰਕਾਰ, ਪ੍ਰਸ਼ਾਸਨ ਅਤੇ ਸਮਾਜਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਦਦ ਲਈ ਅੱਗੇ ਆਇਆ ਜਾਵੇ।