ਚੰਡੀਗੜ੍ਹ :- ਪੰਜਾਬ ਦੇ ਪ੍ਰਮੁੱਖ ਸ਼ਹਿਰ ਅੰਮ੍ਰਿਤਸਰ ਵਿਚ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਜੰਗਲੀ ਜੀਵ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇੱਕ ਯਾਤਰੀ ਨੂੰ ਮੋਰ ਦੀ ਟੈਕਸੀਡਰਮੀ ਟ੍ਰਾਫੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਸੂਬੇ ਵਿੱਚ ਮੋਰ ਨਾਲ ਸੰਬੰਧਿਤ ਟੈਕਸੀਡਰਮੀ ਤਸਕਰੀ ਦੀ ਪਹਿਲੀ ਦਰਜ ਕੀਤੀ ਘਟਨਾ ਦੱਸੀ ਜਾ ਰਹੀ ਹੈ।
ਕੀ ਹੁੰਦੀ ਹੈ ਟੈਕਸੀਡਰਮੀ ਤਸਕਰੀ
ਟੈਕਸੀਡਰਮੀ ਉਸ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ ਜਿਸ ਅਧੀਨ ਮਰੇ ਹੋਏ ਜਾਨਵਰ ਜਾਂ ਪੰਛੀ ਦੀ ਖਾਲ ਨੂੰ ਸੰਭਾਲ ਕੇ ਉਸਦੀ ਕੁਦਰਤੀ ਆਕ੍ਰਿਤੀ ਬਣਾਈ ਜਾਂਦੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਹ ਟ੍ਰਾਫੀਆਂ ਮਹਿੰਗੇ ਭਾਵਾਂ ’ਤੇ ਵੇਚੀਆਂ ਜਾਂਦੀਆਂ ਹਨ, ਜਿਸ ਕਾਰਨ ਜੰਗਲੀ ਜੀਵਾਂ ਦੀ ਗੈਰਕਾਨੂੰਨੀ ਸ਼ਿਕਾਰ ਅਤੇ ਤਸਕਰੀ ਨੂੰ ਹੋਤਸ਼ਾਹ ਮਿਲਦਾ ਹੈ। ਭਾਰਤ ਵਿੱਚ ਰਾਸ਼ਟਰੀ ਪੰਛੀ ਮੋਰ ਸਖ਼ਤ ਸੁਰੱਖਿਆ ਹੇਠ ਹੈ ਅਤੇ ਇਸ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਖਰੀਦ-ਫ਼ਰੋਖ਼ਤ ਕਾਨੂੰਨੀ ਅਪਰਾਧ ਮੰਨੀ ਜਾਂਦੀ ਹੈ।
ਬੈਂਕਾਕ ਤੋਂ ਆਉਂਦਿਆਂ ਖੁਲਿਆ ਰਾਜ਼
ਕਸਟਮ ਅਧਿਕਾਰੀਆਂ ਅਨੁਸਾਰ ਇਹ ਖੁਲਾਸਾ ਉਸ ਵੇਲੇ ਹੋਇਆ ਜਦੋਂ ਬੈਂਕਾਕ ਤੋਂ ਆ ਰਹੀ ਇੱਕ ਅੰਤਰਰਾਸ਼ਟਰੀ ਉਡਾਣ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰੀ। ਜਾਂਚ ਦੌਰਾਨ ਇੱਕ ਯਾਤਰੀ ਦੇ ਸਮਾਨ ਵਿੱਚ ਮਰੇ ਹੋਏ ਰਾਸ਼ਟਰੀ ਪੰਛੀ ਮੋਰ ਦੀ ਟੈਕਸੀਡਰਮੀ ਟ੍ਰਾਫੀ ਬਰਾਮਦ ਹੋਈ, ਜਿਸਨੂੰ ਗੁਪਤ ਤਰੀਕੇ ਨਾਲ ਦੇਸ਼ ਅੰਦਰ ਲਿਆਂਦਾ ਜਾ ਰਿਹਾ ਸੀ।
ਗ੍ਰਿਫ਼ਤਾਰ ਵਿਅਕਤੀ ਦੀ ਪਛਾਣ
ਕਸਟਮ ਵਿਭਾਗ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਮੁਹੰਮਦ ਅਕਬਰ ਅਹਿਮਦ (ਉਮਰ 39 ਸਾਲ) ਵਜੋਂ ਕੀਤੀ ਗਈ ਹੈ। ਉਹ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਕਾਸਮਪੁਰ ਪਿੰਡ ਸਥਿਤ ਪੀਰ ਵਾਲਾ ਮੁਹੱਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
19 ਜਨਵਰੀ ਨੂੰ ਪਹੁੰਚਿਆ ਸੀ ਅੰਮ੍ਰਿਤਸਰ
ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਯਾਤਰੀ 19 ਜਨਵਰੀ ਨੂੰ ਥਾਈ ਲਾਇਨ ਏਅਰ ਦੀ ਉਡਾਣ ਨੰਬਰ 214 ਰਾਹੀਂ ਬੈਂਕਾਕ ਤੋਂ ਅੰਮ੍ਰਿਤਸਰ ਪਹੁੰਚਿਆ ਸੀ। ਉਡਾਣ ਦੁਪਹਿਰ ਕਰੀਬ 2:45 ਵਜੇ ਹਵਾਈ ਅੱਡੇ ’ਤੇ ਲੈਂਡ ਹੋਈ, ਜਿਸ ਤੋਂ ਬਾਅਦ ਪਹਿਲਾਂ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਕਸਟਮ ਟੀਮ ਨੇ ਉਸਨੂੰ ਨਿਗਰਾਨੀ ਹੇਠ ਲੈ ਕੇ ਜਾਂਚ ਕੀਤੀ।
ਅੰਤਰਰਾਸ਼ਟਰੀ ਤਸਕਰੀ ਜਾਲ ਨਾਲ ਜੋੜ ਕੇ ਜਾਂਚ
ਕਸਟਮ ਅਤੇ ਜੰਗਲੀ ਜੀਵ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਹ ਮਾਮਲਾ ਸਿਰਫ਼ ਇੱਕ ਯਾਤਰੀ ਤੱਕ ਸੀਮਿਤ ਨਹੀਂ, ਬਲਕਿ ਇਸ ਦੇ ਪਿੱਛੇ ਇੱਕ ਸੁਚੱਜਾ ਅੰਤਰਰਾਸ਼ਟਰੀ ਵਾਈਲਡਲਾਈਫ ਤਸਕਰੀ ਨੈੱਟਵਰਕ ਸਰਗਰਮ ਹੋ ਸਕਦਾ ਹੈ। ਫਿਲਹਾਲ ਦੋਸ਼ੀ ਨੂੰ ਹਿਰਾਸਤ ਵਿੱਚ ਰੱਖ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਟ੍ਰਾਫੀ ਕਿੱਥੋਂ ਪ੍ਰਾਪਤ ਕੀਤੀ ਗਈ ਅਤੇ ਇਸਦੀ ਅਗਲੀ ਡਿਲਿਵਰੀ ਕਿੱਥੇ ਹੋਣੀ ਸੀ।
ਕਾਨੂੰਨੀ ਕਾਰਵਾਈ ਜਾਰੀ
ਮਾਮਲੇ ਨੂੰ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ ਅਤੇ ਕਸਟਮ ਕਾਨੂੰਨਾਂ ਅਧੀਨ ਦਰਜ ਕਰ ਲਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਮਗਰੋਂ ਤਸਕਰੀ ਨਾਲ ਜੁੜੇ ਹੋਰ ਲੋਕਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

