ਅੰਮ੍ਰਿਤਸਰ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਵਾਰ ਫਿਰ ਜਾਨੋਂ ਮਾਰਣ ਦੀ ਧਮਕੀ ਮਿਲੀ ਹੈ। ਇਹ ਧਮਕੀ ਕਿਸੇ ਹੋਰ ਵੱਲੋਂ ਨਹੀਂ, ਬਲਕਿ ਵਖਵਾਦੀ ਗਤਿਵਿਧੀਆਂ ਚ ਲਿਪਤ ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਿੱਤੀ ਗਈ ਹੈ। ਪੰਨੂ ਨੇ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰਦਿਆਂ, ਮੁੱਖ ਮੰਤਰੀ ਨੂੰ ਖੁੱਲ੍ਹੀ ਧਮਕੀ ਦਿੱਤੀ ਹੈ ਅਤੇ ਅੰਮ੍ਰਿਤਸਰ ਵਿੱਚ ਭੜਕਾਊ ਨਾਅਰੇ ਲਿਖਵਾਉਣ ਦੇ ਦਾਅਵੇ ਕੀਤੇ ਹਨ।
“ਫਰੀਦਕੋਟ ਤੇਰਾ ਅਖੀਰ ਹੋਵੇਗਾ” – ਪੰਨੂ ਵੱਲੋਂ 15 ਅਗਸਤ ਨੂੰ ਜਾਨੋ ਮਾਰਣ ਦੀ ਧਮਕੀ
ਧਮਕੀ ਭਰੇ ਸੰਦੇਸ਼ ‘ਚ ਪੰਨੂ ਨੇ ਦੱਸਿਆ ਕਿ ਇਸ ਵਾਰ ਭਗਵੰਤ ਮਾਨ 15 ਅਗਸਤ ਨੂੰ ਫਰੀਦਕੋਟ ਵਿਖੇ ਤਿਰੰਗਾ ਲਹਿਰਾਉਣ ਆ ਰਹੇ ਹਨ, ਜਿੱਥੇ ਉਹ ਉਨ੍ਹਾਂ ਨੂੰ ਨਿਸ਼ਾਨਾ ਬਣਾਏਗਾ। ਪੰਨੂ ਨੇ ਕਿਹਾ, “ਮਾਨ, ਬੇਅੰਤ ਸਿੰਘ ਨੂੰ ਯਾਦ ਕਰ। ਤੂੰ ਹੁਣ ਫਰੀਦਕੋਟ ਚ ਸਿੱਧਾ ਨਿਸ਼ਾਨੇ ਤੇ ਹੋਵੇਂਗਾ। ਪਿਛਲੇ ਸਾਲ ਤਾ ਬੁਲੇਟ ਪ੍ਰੂਫ ਗਲਾਸ ਪਿੱਛੇ ਸੀ।”
ਦੂਜੇ ਪਾਸੇ, ਅੰਮ੍ਰਿਤਸਰ ਦੇ ਬੱਸ ਅੱਡਾ, ਜ਼ਿਲ੍ਹਾ ਅਦਾਲਤ ਕੈਂਪਸ ਅਤੇ ਖਾਲਸਾ ਕਾਲਜ ਦੀਆਂ ਕੰਧਾਂ ‘ਤੇ “ਖਾਲਿਸਤਾਨ ਜਿੰਦਾਬਾਦ”, “SFJ ਰੈਫਰੈਂਡਮ ਜਿੰਦਾਬਾਦ” ਅਤੇ “ਭਗਵੰਤ ਮਾਨ ਮੁਰਦਾਬਾਦ” ਵਰਗੇ ਭੜਕਾਊ ਨਾਅਰੇ ਲਿਖੇ ਹੋਏ ਮਿਲੇ ਹਨ।
SFJ ਦੇ ਆਤੰਕੀ ਗੁਰਪਤਵੰਤ ਪੰਨੂ ਨੇ ਇਨ੍ਹਾਂ ਨਾਰਿਆਂ ਨੂੰ ਲਿਖਵਾਉਣ ਦਾ ਦਾਅਵਾ ਕੀਤਾ ਹੈ ਅਤੇ ਆਪਣੇ ਵੱਡੇ ਐਲਾਨਾਂ ਰਾਹੀਂ ਪੰਜਾਬ ਦੇ ਅਮਨ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ।