ਅੰਮ੍ਰਿਤਸਰ :- ਅੰਮ੍ਰਿਤਸਰ ਦੇ ਦਿਹਾਤੀ ਇਲਾਕਿਆਂ ਲਈ ਸਿਹਤ ਵਿਭਾਗ ਨੇ ਵੱਡਾ ਕਦਮ ਚੁੱਕਦਿਆਂ ਐਲਾਨ ਕੀਤਾ ਹੈ ਕਿ ਹੁਣ ਆਮ ਬੀਮਾਰੀਆਂ ਤੋਂ ਲੈ ਕੇ ਆਰਥੋ ਤੇ ਜਨਰਲ ਸਰਜਰੀ ਤੱਕ ਦੇ ਆਪ੍ਰੇਸ਼ਨ ਸਿੱਧੇ ਦਿਹਾਤੀ ਸਰਕਾਰੀ ਹਸਪਤਾਲਾਂ ਵਿਚ ਹੀ ਹੋਣਗੇ। ਨਵ-ਨਿਯੁਕਤ ਸਿਵਲ ਸਰਜਨ ਡਾ. ਸਤਿੰਦਰ ਸਿੰਘ ਬਜਾਜ ਨੇ ਇਹ ਨਵੇਂ ਹੁਕਮ ਜਾਰੀ ਕਰਦੇ ਹੋਏ ਸਪੱਸ਼ਟ ਕੀਤਾ ਕਿ ਜਿੱਥੇ ਮਾਹਿਰ ਡਾਕਟਰ ਤੈਨਾਤ ਹਨ, ਉੱਥੇ ਆਪ੍ਰੇਸ਼ਨ ਰੋਕੇ ਨਹੀਂ ਜਾਣਗੇ।
ਆਯੁਸ਼ਮਾਨ ਯੋਜਨਾ ਦੀ ਸੁਵਿਧਾ ਤੇ ਆਬਾ ਆਈ.ਡੀ. ਬਣਾਉਣ ਦੇ ਸਖ਼ਤ ਨਿਰਦੇਸ਼
ਡਾ. ਬਜਾਜ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਕਾਰਡ ਹੇਠ ਇਲਾਜ ਦੀ ਪੂਰੀ ਸੁਵਿਧਾ ਹੁਣ ਪਿੰਡਾਂ ਦੇ ਸਰਕਾਰੀ ਹਸਪਤਾਲਾਂ ਵਿੱਚ ਹੀ ਦਿੱਤੀ ਜਾ ਰਹੀ ਹੈ। ਨਾਲ ਹੀ ਹਰ ਮਰੀਜ਼ ਦੀ ਆਬਾ ਆਈ.ਡੀ. ਤੁਰੰਤ ਬਣਾਉਣ ਲਈ ਸਿਹਤ ਅਧਿਕਾਰੀਆਂ ਨੂੰ ਖਾਸ ਨਿਰਦੇਸ਼ ਜਾਰੀ ਕੀਤੇ ਗਏ ਹਨ, ਤਾਂ ਜੋ ਮਰੀਜ਼ਾਂ ਨੂੰ ਵੱਡੇ ਹਸਪਤਾਲਾਂ ਦੇ ਚੱਕਰ ਨਾ ਲਗਾਉਣੇ ਪੈਣ।
ਮਾਨਾਂਵਾਲਾ ਹਸਪਤਾਲ ਵਿੱਚ ਅਚਨਚੇਤ ਚੈਕਿੰਗ, ਸਾਰੇ ਵਿਭਾਗਾਂ ਦਾ ਕੀਤਾ ਮੁਆਇਨਾ
ਸਿਵਲ ਸਰਜਨ ਨੇ ਮਾਨਾਂਵਾਲਾ ਹਸਪਤਾਲ ’ਚ ਅਚਾਨਕ ਪਹੁੰਚ ਕੇ ਸਟਾਫ ਦੀ ਹਾਜ਼ਰੀ, ਓ.ਪੀ.ਡੀ., ਗਾਇਨੀ ਵਾਰਡ, ਲੈਬ, ਐਕਸਰੇ ਰੂਮ, ਐੱਮ.ਸੀ.ਐੱਚ. ਡਿਪਾਰਟਮੈਂਟ ਤੋਂ ਲੈ ਕੇ ਆਪ੍ਰੇਸ਼ਨ ਥੀਏਟਰ ਤੱਕ ਸਾਰੇ ਹਿੱਸਿਆਂ ਦੀ ਪੂਰੀ ਜਾਂਚ ਕੀਤੀ। ਚੈਕਿੰਗ ਦੌਰਾਨ ਉਨ੍ਹਾਂ ਨੇ ਮਰੀਜ਼ਾਂ ਤੋਂ ਮੁਫ਼ਤ ਦਵਾਈਆਂ, ਲੈਬ ਟੈਸਟ ਤੇ ਹੋਰ ਸਰਕਾਰੀ ਸਹੂਲਤਾਂ ਸੰਬੰਧੀ ਸਿੱਧੀ ਜਾਣਕਾਰੀ ਵੀ ਲਈ।
ਸਟਾਫ ਨੂੰ ਸਖ਼ਤ ਹੁਕਮ – ਦਵਾਈਆਂ ਬਾਹਰੋਂ ਨਾ ਲਿਖੀਆ ਜਾਣ, ਸਾਫ-ਸਫਾਈ ਤੇ ਸਮੇਂ ਦੀ ਪਾਬੰਦੀ ਲਾਜ਼ਮੀ
ਚੈਕਿੰਗ ਤੋਂ ਬਾਅਦ ਡਾ. ਬਜਾਜ ਨੇ ਸਟਾਫ ਨੂੰ ਚੇਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ—
-
ਸਾਰੀਆਂ ਦਵਾਈਆਂ ਹਸਪਤਾਲ ਅੰਦਰੋਂ ਹੀ ਮਰੀਜ਼ਾਂ ਨੂੰ ਮਿਲਣ
-
ਆਯੁਸ਼ਮਾਨ ਯੋਜਨਾ ਹੇਠ ਕੇਸਾਂ ਦੀ ਅਨਰੋਲਮੈਂਟ ਦੇਰ ਨਾਲ ਨਾ ਹੋਵੇ
-
ਸਾਫ–ਸਫਾਈ ਤੇ ਹਰ ਹਾਲਤ ਵਿੱਚ ਧਿਆਨ ਰੱਖਿਆ ਜਾਵੇ
-
ਜ਼ਰੂਰੀ ਸੇਵਾਵਾਂ ਦੇਣ ਵਿੱਚ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇ
-
ਡਾਕਟਰ ਤੇ ਸਟਾਫ ਸਮੇਂ ਦੇ ਪਾਬੰਦ ਰਹਿਣ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ
ਸੀਨੀਅਰ ਡਾਕਟਰ ਵੀ ਮੌਜੂਦ
ਇਸ ਚੈਕਿੰਗ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ. ਮਨਜੀਤ ਸਿੰਘ ਰਟੌਲ ਅਤੇ ਐੱਮ.ਈ.ਆਈ.ਓ. ਅਮਰਦੀਪ ਸਿੰਘ ਸਮੇਤ ਕਈ ਅਧਿਕਾਰੀ ਮੌਜੂਦ ਰਹੇ।

