ਅੰਮ੍ਰਿਤਸਰ :- ਪੰਜਾਬ ਸਰਕਾਰ ਵੱਲੋਂ ਆਧੁਨਿਕਤਾ ਦੇ ਨਾਅਰੇ ਹੇਠ ਚਲ ਰਹੇ ਗੁਰੂ ਨਾਨਕ ਦੇਵ ਹਸਪਤਾਲ ‘ਚ ਆਈ.ਸੀ.ਯੂ. ਵਿਚ ਇਲਾਜ ਅਧੀਨ ਮਰੀਜ਼ ਨਾਲ ਜਾਨਲੇਵਾ ਲਾਪਰਵਾਹੀ ਸਾਹਮਣੇ ਆਈ ਹੈ। ਇੱਕ ਹੀ ਦਿਨ ‘ਚ ਤਿੰਨ ਵਾਰ ਗਲਤ ਨਾਂ ਨਾਲ ਮਰੀਜ਼ ਦੇ ਬਲੱਡ ਸੈਂਪਲ ਲੈਬ ਟੈਸਟ ਲਈ ਭੇਜੇ ਗਏ। ਇਹ ਸਿਰਫ ਲਾਪਰਵਾਹੀ ਨਹੀਂ, ਸਗੋਂ ਇਕ ਮਰੀਜ਼ ਦੀ ਜਿੰਦਗੀ ਨਾਲ ਖਿਲਵਾੜ ਹੈ।
ਤਿੰਨ ਵਾਰ ਗਲਤ ਨਾਂ ਨਾਲ ਭੇਜੇ ਗਏ ਸੈਂਪਲ
ਜਾਣਕਾਰੀ ਅਨੁਸਾਰ, ਹਸਪਤਾਲ ਦੇ ਆਈ.ਸੀ.ਯੂ. ਵਿਚ ਇਕ ਮਰੀਜ਼ ਦਾ ਇਲਾਜ ਚੱਲ ਰਿਹਾ ਸੀ। ਉਸਦੇ ਤਾਜਾ ਟੈਸਟ ਲਈ ਉਸਦੇ ਪਰਿਵਾਰਕ ਮੈਂਬਰ ਸਾਹਮਣੇ ਨਰਸ ਵੱਲੋਂ ਬਲੱਡ ਸੈਂਪਲ ਲਿਆ ਗਿਆ। ਪਰ ਜਦ ਉਹ ਲੈਬੋਰੇਟਰੀ ਪਹੁੰਚੇ, ਤਾਂ ਪਤਾ ਲੱਗਾ ਕਿ ਸੈਂਪਲ ‘ਤੇ ਕਿਸੇ ਹੋਰ ਮਰੀਜ਼ ਦਾ ਨਾਂ ਦਰਜ ਹੈ। ਮੁਲਾਜ਼ਮ ਨੇ ਸੈਂਪਲ ਵਾਪਸ ਲਿਆਉਣ ਲਈ ਕਿਹਾ।
ਵਾਰਿਸ ਮੁੜ ਆਈ.ਸੀ.ਯੂ. ਗਿਆ, ਨਵਾਂ ਸੈਂਪਲ ਲਿਆ ਗਿਆ, ਪਰ ਇਹ ਦੌਰ ਫਿਰ ਦੁਹਰਾਇਆ ਗਿਆ—ਦੂਜੀ ਵਾਰੀ ਵੀ ਸੈਂਪਲ ‘ਤੇ ਗਲਤ ਨਾਂ ਸੀ। ਤੀਜੀ ਵਾਰੀ ਜਦੋ ਮੁੜ ਸਹੀ ਨਾਂ ਨਾਲ ਸੈਂਪਲ ਮਿਲਿਆ, ਤਦ ਤਕ ਮਰੀਜ਼ ਦੀ ਬਾਂਹ ਤੋਂ ਤਿੰਨ ਵਾਰ ਖੂਨ ਲਿਆ ਜਾ ਚੁੱਕਾ ਸੀ। ਵਾਰਿਸਾਂ ਦਾ ਕਹਿਣਾ ਹੈ ਕਿ ਇਸ ਕਾਰਨ ਮਰੀਜ਼ ਦੀ ਬਾਂਹ ਵੀ ਸੁੱਜ ਗਈ।
“ਗਲਤੀ ਤਾਂ ਹੋ ਜਾਂਦੀ ਹੈ” — ਸਟਾਫ ਨਰਸ ਦਾ ਜਵਾਬ
ਜਦ ਵਾਰਿਸਾਂ ਨੇ ਸਟਾਫ ਨਰਸ ਨੂੰ ਲਾਪਰਵਾਹੀ ਬਾਰੇ ਪੁੱਛਿਆ, ਤਾਂ ਉਨ੍ਹਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਗਿਆ ਕਿ “ਗਲਤੀ ਤਾਂ ਹੋ ਹੀ ਜਾਂਦੀ ਹੈ”। ਪਰ ਇਸ ਤਰ੍ਹਾਂ ਦੀ ਲਾਪਰਵਾਹੀ ਆਮ ਨਹੀਂ, ਸਗੋਂ ਗੰਭੀਰ ਨਤੀਜੇ ਲਿਆ ਸਕਦੀ ਹੈ। ਮਰੀਜ਼ ਦੇ ਪਰਿਵਾਰ ਨੇ ਇਸ ਪੂਰੇ ਘਟਨਾ ਕ੍ਰਮ ਦੀ ਵੀਡੀਓ ਵੀ ਬਣਾਈ ਹੈ, ਤਾਂ ਜੋ ਭਵਿੱਖ ‘ਚ ਕੋਈ ਮੁਲਾਜ਼ਮ ਉਨ੍ਹਾਂ ‘ਤੇ ਹੀ ਦੋਸ਼ ਨਾ ਮੜ ਸਕੇ।
ਉਨ੍ਹਾਂ ਨੇ ਸ਼ੱਕ ਜਤਾਇਆ ਹੈ ਕਿ ਜੇਕਰ ਇਲਾਜ ਵਿਚ ਇਸ ਤਰ੍ਹਾਂ ਦੀ ਲਾਪਰਵਾਹੀ ਜਾਰੀ ਰਹੀ ਤਾਂ ਉਨ੍ਹਾਂ ਦੇ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ।
ਮੈਡੀਕਲ ਸੁਪਰਡੈਂਟ ਨੇ ਦਿੱਤਾ ਕਾਰਵਾਈ ਦਾ ਭਰੋਸਾ
ਮਾਮਲੇ ਬਾਰੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਮੀਡੀਆ ਰਾਹੀਂ ਜਾਣਕਾਰੀ ਮਿਲਣ ‘ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਉਹ ਇਸ ਸਮੇਂ ਦਿੱਲੀ ਵਿਚ ਹਨ, ਪਰ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਰੀ ਜਾਂਚ ਕਰਵਾਈ ਜਾਵੇਗੀ ਕਿ ਡਿਊਟੀ ਤੇ ਕੌਣ ਸੀ ਅਤੇ ਲਾਪਰਵਾਹੀ ਕਿੱਥੇ ਹੋਈ। ਜ਼ਿੰਮੇਵਾਰ ਕਰਮਚਾਰੀ ਖਿਲਾਫ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵਾਰਿਸਾਂ ਨੇ ਲਾਏ ਜਲੀਲ ਕਰਨ ਦੇ ਦੋਸ਼
ਇਸ ਲਾਪਰਵਾਹੀ ਤੋਂ ਇਲਾਵਾ, ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਏ ਹਨ ਕਿ ਉਨ੍ਹਾਂ ਨੂੰ ਹਸਪਤਾਲ ਦੇ ਸਟਾਫ ਵੱਲੋਂ ਜਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਈ.ਸੀ.ਯੂ. ‘ਚ ਹੋਰ ਮਰੀਜ਼ਾਂ ਦੇ ਵਾਰਿਸ ਮੋਬਾਈਲ ਲੈ ਜਾਂਦੇ ਹਨ, ਪਰ ਉਨ੍ਹਾਂ ਨੂੰ ਬਾਹਰ ਰੁਕਵਾ ਕੇ ਚੈਕ ਕੀਤਾ ਜਾਂਦਾ ਹੈ ਕਿ ਕਿਤੇ ਹੋਰ ਵੀਡੀਓ ਤਾਂ ਨਹੀਂ ਬਣਾਈ ਗਈ।
ਇਹ ਵੀ ਦੱਸਿਆ ਗਿਆ ਕਿ ਉਨ੍ਹਾਂ ਦੀ ਚੈਕਿੰਗ ਵੱਖਰੇ ਤਰੀਕੇ ਨਾਲ ਕੀਤੀ ਜਾ ਰਹੀ ਹੈ, ਜੋ ਉਨ੍ਹਾਂ ਨੂੰ ਟਾਰਗਟ ਕਰਨ ਵਾਲਾ ਰਵੱਈਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ।
ਲਾਪਰਵਾਹੀ ‘ਤੇ ਲਾਜ਼ਮੀ ਹੈ ਤੁਰੰਤ ਕਾਰਵਾਈ
ਇਹ ਮਾਮਲਾ ਸਿਰਫ ਇੱਕ ਹਸਪਤਾਲ ਦੀ ਕਮਜ਼ੋਰੀ ਨਹੀਂ, ਸਗੋਂ ਪੂਰੇ ਸਿਹਤ ਪ੍ਰਬੰਧ ਤੰਤਰ ਉੱਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਜਿੱਥੇ ਪੰਜਾਬ ਸਰਕਾਰ ਵੱਲੋਂ ਆਧੁਨਿਕ ਹਸਪਤਾਲਾਂ ਦੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਐਨੀ ਘੋਰ ਲਾਪਰਵਾਹੀ ਦਾ ਸਾਹਮਣੇ ਆਉਣਾ ਚਿੰਤਾ ਦਾ ਵਿਸ਼ਾ ਹੈ। ਮਰੀਜ਼ਾਂ ਦੀ ਜਾਨ ਨੂੰ ਲੈ ਕੇ ਹੋ ਰਹੀ ਅਣਦੇਖੀ ਸਿਰਫ ਨਿੰਦਣਯੋਗ ਨਹੀਂ, ਸਗੋਂ ਕਾਨੂੰਨੀ ਕਾਰਵਾਈ ਦੀ ਹਕਦਾਰ ਹੈ।
ਵੇਖਣਯੋਗ, ਹੋਵੇਗਾ ਕਿ ਸਚਮੁੱਚ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੁੰਦੀ ਹੈ ਜਾਂ ਇਨ੍ਹਾਂ ਗੰਭੀਰ ਦੋਸ਼ਾਂ ਨੂੰ ਵੀ ਰੁਟੀਨ ਦੀ ਗਲਤੀ ਸਮਝ ਕੇ ਟਾਲ ਦਿੱਤਾ ਜਾਂਦਾ ਹੈ।