ਅੰਮ੍ਰਿਤਸਰ :- ਨਸ਼ਾ ਤਸਕਰੀ ’ਤੇ ਨਕੇਲ ਕੱਸਣ ਲਈ ਅੰਮ੍ਰਿਤਸਰ ਦਿਹਾਤੀ ਪੁਲਸ ਵੱਲੋਂ ਅੱਜ ਵਾਹਘਾ ਬਾਰਡਰ ਨਾਲ ਲੱਗਦੇ ਸੰਵੇਦਨਸ਼ੀਲ ਪਿੰਡਾਂ ’ਚ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਕਰੀਬ 200 ਪੁਲਸ ਕਰਮਚਾਰੀ, ਜਿਨ੍ਹਾਂ ’ਚ ਮਹਿਲਾ ਅਧਿਕਾਰੀ ਵੀ ਸ਼ਾਮਲ ਸਨ, ਨੇ ਹਿੱਸਾ ਲਿਆ।
ਬਾਸਰਕੇ ਭੈਣੀ ਤੇ ਗੁਮਾਨਪੁਰਾ ਸਮੇਤ ਪਿੰਡਾਂ ’ਚ ਘਰ-ਘਰ ਤਲਾਸ਼ੀ
ਇਹ ਆਪਰੇਸ਼ਨ ਥਾਣਾ ਘਰੀਡਾ ਹਦੂਦ ਦੇ ਪਿੰਡ ਬਸਰਕੇ ਪੈਨੀ, ਗੁਮਾਨਪੁਰਾ, ਬਸਰਕੇ ਕਿਲਾ ਅਤੇ ਕੋਟਲੀ ਨਾਸਰ ਸਮੇਤ ਪੰਜ ਬਾਰਡਰ ਪਿੰਡਾਂ ’ਚ ਕੀਤਾ ਗਿਆ। ਪੁਲਸ ਵੱਲੋਂ ਹੁਣ ਤੱਕ 50 ਤੋਂ ਵੱਧ ਘਰਾਂ ਦੀ ਤਲਾਸ਼ੀ ਲੈ ਲਈ ਗਈ ਹੈ ਤੇ ਕਾਰਵਾਈ ਅਜੇ ਵੀ ਜਾਰੀ ਹੈ।
ਸਰਹੱਦੀ ਇਲਾਕੇ ਨਸ਼ੇ ਦੇ ਹਾਟਸਪਾਟ, ਨਿਗਰਾਨੀ ਹੋਵੇਗੀ ਹੋਰ ਸਖ਼ਤ
ਅਧਿਕਾਰੀਆਂ ਮੁਤਾਬਕ, ਇਹ ਪਿੰਡ ਸਰਹੱਦ ਨਾਲ ਲੱਗਦੇ ਹੋਣ ਕਰਕੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਲਈ ਹਾਟਸਪਾਟ ਮੰਨੇ ਜਾਂਦੇ ਹਨ। ਇਸ ਲਈ ਪੁਲਸ ਵੱਲੋਂ ਸਮੇਂ-ਸਮੇਂ ’ਤੇ ਅਜਿਹੀਆਂ ਜਾਂਚ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਤਾਂ ਜੋ ਸਮੱਗਲਰਾਂ ’ਤੇ ਸਖ਼ਤ ਨਿਗਰਾਨੀ ਬਣੀ ਰਹੇ।
ਮਾਰਚ ਤੋਂ ਹੁਣ ਤੱਕ 200 ਕਿਲੋ ਹੈਰੋਇਨ ਤੇ 2.5 ਕਰੋੜ ਡਰੱਗ ਮਨੀ ਜ਼ਬਤ
ਐੱਸ. ਪੀ. ਐੱਸ. ਵਾਰਿਅਰ ਨੇ ਦੱਸਿਆ ਕਿ ਮਾਰਚ ਤੋਂ ਅੱਜ ਤੱਕ ਅੰਮ੍ਰਿਤਸਰ ਦਿਹਾਤੀ ਪੁਲਸ ਨੇ 200 ਕਿਲੋ ਹੈਰੋਇਨ ਤੇ 2.5 ਕਰੋੜ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮਾਫ਼ੀਆ ਦੀ ਕਾਲੀ ਕਮਾਈ ਨਾਲ ਬਣੀਆਂ ਕਈ ਜਾਇਦਾਦਾਂ ਨੂੰ ਵੀ ਢਾਹ ਦਿੱਤਾ ਗਿਆ ਹੈ।
ਪੁਲਸ ਦਾ ਐਲਾਨ — ਨਸ਼ਾ ਸਿੰਡੀਕੇਟ ’ਤੇ ਹੋਵੇਗੀ ਪੂਰੀ ਨਕੇਲ
ਐੱਸ. ਪੀ. ਨੇ ਕਿਹਾ ਕਿ ਪੰਜਾਬ ਪੁਲਸ ਦਾ ਟੀਚਾ ਨਸ਼ਾ ਸਿੰਡੀਕੇਟ ’ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਹੈ। ਆਉਣ ਵਾਲੇ ਦਿਨਾਂ ’ਚ ਇਹ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਤਾਂ ਜੋ ਸਰਹੱਦ ’ਤੇ ਸੁਰੱਖਿਆ ਹੋਰ ਮਜ਼ਬੂਤ ਬਣ ਸਕੇ।
ਨਾਗਰਿਕਾਂ ਨੂੰ ਅਪੀਲ — ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਦਿਓ
ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਇਲਾਕੇ ’ਚ ਹੋ ਰਹੀਆਂ ਸ਼ੱਕੀ ਗਤੀਵਿਧੀਆਂ ਬਾਰੇ ਤੁਰੰਤ ਪੁਲਸ ਨੂੰ ਜਾਣਕਾਰੀ ਦੇਣ, ਤਾਂ ਜੋ ਨਸ਼ਾ ਸਮੱਗਲਿੰਗ ਖ਼ਿਲਾਫ਼ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲ ਸਕੇ।

