ਅੰਮ੍ਰਿਤਸਰ :- ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗੈਂਗਸਟਰਾਂ ਅਤੇ ਨਸ਼ਾ ਤਸਕਰੀ ਖ਼ਿਲਾਫ਼ ਚਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫ਼ਲਤਾ ਦਰਜ ਕਰਦਿਆਂ ਸਰਹੱਦੀ ਇਲਾਕੇ ਨਾਲ ਜੁੜੇ ਇੱਕ ਤਸਕਰੀ ਗਿਰੋਹ ਨੂੰ ਬੇਨਕਾਬ ਕੀਤਾ ਹੈ। ਪੁਲਿਸ ਵੱਲੋਂ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਦੌਰਾਨ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸਰਹੱਦ ਨੇੜਲੇ ਪਿੰਡਾਂ ਨਾਲ ਜੁੜੇ ਮੁਲਜ਼ਮ, ਮੁੱਖ ਆਰੋਪੀ ਪਹਿਲਾਂ ਵੀ ਨਸ਼ਾ ਕੇਸਾਂ ’ਚ ਨਾਮਜ਼ਦ
ਪੁਲਿਸ ਜਾਂਚ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਪੰਜਾਂ ਵਿੱਚੋਂ ਚਾਰ ਵਿਅਕਤੀ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਰੋੜਾਵਾਲੀ ਦੇ ਰਹਿਣ ਵਾਲੇ ਹਨ, ਜਦਕਿ ਇੱਕ ਮੁਲਜ਼ਮ ਪਿੰਡ ਰਾਣੀਕੇ ਨਾਲ ਸੰਬੰਧਿਤ ਹੈ। ਇਹ ਸਾਰੇ ਪਿੰਡ ਅੰਤਰਰਾਸ਼ਟਰੀ ਸਰਹੱਦ ਦੇ ਬਿਲਕੁਲ ਨੇੜੇ ਸਥਿਤ ਹਨ। ਮੁੱਢਲੀ ਜਾਂਚ ’ਚ ਖੁਲਾਸਾ ਹੋਇਆ ਹੈ ਕਿ ਮੁੱਖ ਆਰੋਪੀ ਸਿਮਰਨਜੀਤ ਉਰਫ਼ ਮਨੂ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ, ਜਦਕਿ ਹੋਰ ਮੁਲਜ਼ਮ ਵੀ ਪੁਲਿਸ ਰਿਕਾਰਡ ’ਚ ਆ ਚੁੱਕੇ ਹਨ।
6 ਆਧੁਨਿਕ ਪਿਸਤੌਲ, ਹੈਰੋਇਨ ਤੇ ਲੱਖਾਂ ਦੀ ਡਰੱਗ ਮਨੀ ਕਬਜ਼ੇ ’ਚ; ਅਗਲੇ ਕਨੈਕਸ਼ਨ ਖੰਗਾਲੇ ਜਾ ਰਹੇ
ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ 6 ਆਧੁਨਿਕ ਪਿਸਤੌਲ, 10 ਜ਼ਿੰਦਾ ਕਾਰਤੂਸ, 115 ਗ੍ਰਾਮ ਹੈਰੋਇਨ ਅਤੇ ਲਗਭਗ 11.90 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਇੱਕ ਕਾਰ ਵੀ ਜ਼ਬਤ ਕੀਤੀ ਗਈ ਹੈ। ਬਰਾਮਦ ਹਥਿਆਰਾਂ ਵਿੱਚ ਵਿਦੇਸ਼ੀ ਬਣਾਵਟ ਦੇ ਪਿਸਤੌਲ ਵੀ ਸ਼ਾਮਲ ਦੱਸੇ ਜਾ ਰਹੇ ਹਨ। ਥਾਣਾ ਕੰਟੋਨਮੈਂਟ ਅੰਮ੍ਰਿਤਸਰ ਵਿਖੇ ਅਸਲਾ ਐਕਟ ਅਤੇ ਐਨ.ਡੀ.ਪੀ.ਐਸ ਐਕਟ ਤਹਿਤ ਕੇਸ ਦਰਜ ਕਰਕੇ ਪੁਲਿਸ ਵੱਲੋਂ ਪਿਛਲੇ-ਅਗਲੇ ਸਬੰਧਾਂ, ਸਰਹੱਦ ਪਾਰ ਕੜੀਆਂ ਅਤੇ ਵਿੱਤੀ ਲੈਣ-ਦੇਣ ਦੀ ਡੂੰਘੀ ਜਾਂਚ ਜਾਰੀ ਹੈ।

