ਅੰਮ੍ਰਿਤਸਰ :- ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ‘ਚ ਹੜ੍ਹ ਦੀ ਸਥਿਤੀ ਸਬੰਧੀ ਇਕੱਤਰਤਾ ਸੱਦਣ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਹੜ੍ਹ ਪੀੜਤਾਂ ਦੀ ਸੇਵਾ ਦੌਰਾਨ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਗਿਆ। ਕੁਝ ਤਾਕਤਾਂ ਵੱਲੋਂ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸਨੂੰ ਕਦੇ ਵੀ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਈ ਨੌਜਵਾਨਾਂ ਨੇ ਸੇਵਾ ਕਰਦਿਆਂ ਆਪਣੀ ਜਾਨ ਗੁਆਈ, ਜੋ ਬਹੁਤ ਵੱਡੀ ਕੁਰਬਾਨੀ ਹੈ।
ਦਸਵੰਦ ਦਾ ਪੈਸਾ ਯੋਗ ਥਾਵਾਂ ਤੇ ਲਗੇਗਾ
ਗਿਆਨੀ ਗੜਗੱਜ ਨੇ ਦੱਸਿਆ ਕਿ ਸੰਗਤ ਵੱਲੋਂ ਦਿੱਤਾ ਗਿਆ ਦਸਵੰਦ ਦਾ ਪੈਸਾ ਪੂਰੀ ਜ਼ਿੰਮੇਵਾਰੀ ਨਾਲ ਯੋਗ ਥਾਵਾਂ ‘ਤੇ ਖਰਚਿਆ ਜਾਵੇਗਾ। ਸੇਵਾ ਕਰ ਰਹੀਆਂ ਸੰਸਥਾਵਾਂ ਦਾ ਇੱਕ ਪੋਰਟਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਉਨ੍ਹਾਂ ਦੀ ਕਾਰਗੁਜ਼ਾਰੀ ਸਪਸ਼ਟ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਨੂੰ ਉਨ੍ਹਾਂ ਦਾ ਹੱਕ ਮਿਲਣਾ ਚਾਹੀਦਾ ਹੈ ਅਤੇ ਹੁਣ ਜ਼ਮੀਨਾਂ ਨੂੰ ਬਚਾਉਣ ਲਈ ਸਾਂਝੀ ਜਦੋਜਹਿਦ ਦੀ ਲੋੜ ਹੈ।
ਖਾਲਸਾ.ਓਆਰਜੀ ਪੋਰਟਲ ਸੋਮਵਾਰ ਤੱਕ ਤਿਆਰ
ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਨਵਾਂ ਪੋਰਟਲ ਖਾਲਸਾ.ਓਆਰਜੀ ਦੇ ਨਾਂ ਨਾਲ ਸੋਮਵਾਰ ਤੱਕ ਤਿਆਰ ਹੋ ਜਾਵੇਗਾ। ਇਸ ‘ਤੇ ਸਾਰੀਆਂ ਸੰਸਥਾਵਾਂ ਨੂੰ ਰਜਿਸਟਰ ਕੀਤਾ ਜਾਵੇਗਾ ਅਤੇ ਹਰ ਸੰਸਥਾ ਆਪਣੇ 2-2 ਵਲੰਟੀਅਰ ਦੇਵੇਗੀ। ਇਸ ਦੇ ਨਾਲ ਮੰਗਲਵਾਰ ਤੱਕ ਇਕ ਕੰਟਰੋਲ ਰੂਮ ਵੀ ਬਣਾਇਆ ਜਾਵੇਗਾ। ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖਾਲਸਾ ਏਡ ਅਤੇ ਕਿਸਾਨ ਜੱਥੇਬੰਦੀਆਂ ਵੱਲੋਂ ਹੜ੍ਹ ਪੀੜਤਾਂ ਲਈ ਕੀਤੀ ਗਈ ਸੇਵਾ ਦੀ ਖਾਸ ਪ੍ਰਸ਼ੰਸਾ ਕੀਤੀ।
ਹਰਜੀਤ ਸਿੰਘ ‘ਤੇ ਕੂੜ ਪ੍ਰਚਾਰ ਦੇ ਦੋਸ਼
ਪ੍ਰੈਸ ਕਾਨਫਰੰਸ ਦੌਰਾਨ ਗਿਆਨੀ ਗੜਗੱਜ ਨੇ ਹਰਜੀਤ ਸਿੰਘ ਵਿਰੁੱਧ ਗੰਭੀਰ ਦੋਸ਼ ਵੀ ਲਗਾਏ। ਉਨ੍ਹਾਂ ਨੇ ਕਿਹਾ ਕਿ ਹਰਜੀਤ ਸਿੰਘ ਨਿਹੰਗ ਸਿੱਖਾਂ ਖਿਲਾਫ਼ ਝੂਠਾ ਪ੍ਰਚਾਰ ਕਰ ਰਿਹਾ ਹੈ ਅਤੇ ਉਹ ਬਹਿਰੂਪੀਆ ਸਿੱਖ ਹੈ।