ਅੰਮ੍ਰਿਤਸਰ :- ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਨਾਲ ਜੁੜੇ ਵਿਵਾਦਿਤ ਮਾਮਲੇ ‘ਚ ਅੱਜ ਅਹਿਮ ਮੋੜ ਆਇਆ। ਸਰੋਵਰ ਵਿੱਚ ਵਜ਼ੂ ਕਰਨ ਦੇ ਦੋਸ਼ੀ ਸੁਭਾਨ ਰੰਗਰੀਜ਼ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਮਗਰੋਂ ਉਸਨੂੰ ਮੁੜ ਅਦਾਲਤ ‘ਚ ਪੇਸ਼ ਕੀਤਾ ਗਿਆ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦਿਆਂ ਅੰਮ੍ਰਿਤਸਰ ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ।
SGPC ਦੀ ਸ਼ਿਕਾਇਤ ‘ਤੇ ਦਰਜ ਹੋਈ FIR
ਇਸ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਅੰਮ੍ਰਿਤਸਰ ਦੇ ਈ-ਡਿਵਿਜ਼ਨ ਥਾਣੇ ਵਿੱਚ ਗਾਜ਼ੀਆਬਾਦ ਨਿਵਾਸੀ ਸੁਭਾਨ ਰੰਗਰੀਜ਼ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਉਸ ਉੱਤੇ ਧਾਰਮਿਕ ਬੇਅਦਬੀ ਨਾਲ ਜੁੜੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ।
ਕੀ ਹੈ ਪੂਰਾ ਮਾਮਲਾ
ਪੁਲਿਸ ਜਾਂਚ ਮੁਤਾਬਕ ਦਿੱਲੀ ਐਨਸੀਆਰ ਦੇ ਗਾਜ਼ੀਆਬਾਦ ਦਾ ਰਹਿਣ ਵਾਲਾ ਮੁਸਲਿਮ ਨੌਜਵਾਨ ਸੁਭਾਨ ਰੰਗਰੀਜ਼ 13 ਜਨਵਰੀ ਨੂੰ ਸ੍ਰੀ ਦਰਬਾਰ ਸਾਹਿਬ ਪਹੁੰਚਿਆ। ਇੱਥੇ ਉਸ ਨੇ ਪਵਿੱਤਰ ਸਰੋਵਰ ਦੇ ਅੰਦਰ ਬੈਠ ਕੇ ਵਜ਼ੂ ਕੀਤਾ ਅਤੇ ਸਰੋਵਰ ਦਾ ਪਾਣੀ ਮੂੰਹ ਵਿੱਚ ਭਰ ਕੇ ਕੁਰਲੀ ਕੀਤੀ। ਇਹ ਸਾਰਾ ਕਰਤੱਬ ਕਰਨ ਤੋਂ ਬਾਅਦ ਉਹ ਦਰਬਾਰ ਸਾਹਿਬ ਕੰਪਲੈਕਸ ਵਿੱਚ ਘੁੰਮਦਾ ਰਿਹਾ ਅਤੇ ਆਪਣੇ ਇੱਕ ਸਾਥੀ ਤੋਂ ਇਸ ਦੀ ਵੀਡੀਓ ਵੀ ਤਿਆਰ ਕਰਵਾਈ।
ਵੀਡੀਓ ਸਾਹਮਣੇ ਆਉਣ ਮਗਰੋਂ ਵਧਿਆ ਵਿਵਾਦ
ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਗੰਭੀਰ ਬਣ ਗਿਆ ਅਤੇ ਧਾਰਮਿਕ ਵਰਗਾਂ ਵਿੱਚ ਨਾਰਾਜ਼ਗੀ ਫੈਲ ਗਈ। ਇਸ ਦੇ ਚਲਦਿਆਂ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਅਤੇ ਮੁਲਜ਼ਮ ਦੀ ਭਾਲ ਸ਼ੁਰੂ ਕੀਤੀ।
ਨਿਹੰਗਾਂ ਵੱਲੋਂ ਫੜ ਕੇ ਪੁਲਿਸ ਹਵਾਲੇ
24 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਨਿਹੰਗ ਸਿੰਘਾਂ ਨੇ ਸੁਭਾਨ ਰੰਗਰੀਜ਼ ਨੂੰ ਕਾਬੂ ਕਰ ਲਿਆ। ਦੋਸ਼ ਹੈ ਕਿ ਉਸ ਨਾਲ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਗਾਜ਼ੀਆਬਾਦ ਪੁਲਿਸ ਨੇ ਉਸਨੂੰ ਹਿਰਾਸਤ ‘ਚ ਲੈ ਕੇ ਬਾਅਦ ਵਿੱਚ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ, ਜਿਸ ਤੋਂ ਬਾਅਦ ਉਸਨੂੰ ਅੰਮ੍ਰਿਤਸਰ ਲਿਆਂਦਾ ਗਿਆ।
ਅਗਲੀ ਕਾਰਵਾਈ ‘ਤੇ ਟਿਕੀ ਨਜ਼ਰ
ਹੁਣ ਅਦਾਲਤ ਵੱਲੋਂ ਨਿਆਇਕ ਹਿਰਾਸਤ ਦੇ ਹੁਕਮਾਂ ਮਗਰੋਂ ਮਾਮਲਾ ਜੇਲ੍ਹ ਅੰਦਰ ਰਹਿੰਦਿਆਂ ਅੱਗੇ ਵਧੇਗਾ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਾਂਚ ਪੂਰੀ ਪਾਰਦਰਸ਼ਿਤਾ ਨਾਲ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

