ਅੰਮ੍ਰਿਤਸਰ :- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਸਿੱਖ ਕੌਮ ਦੇ ਸਰਵਉੱਚ ਤੀਰਥ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਦੇਸ਼ ਅਤੇ ਸੰਸਾਰ ਦੀ ਭਲਾਈ ਲਈ ਅਰਦਾਸ ਕੀਤੀ ਅਤੇ ਆਤਮਿਕ ਸ਼ਾਂਤੀ ਦਾ ਅਨੁਭਵ ਕੀਤਾ।
ਪਾਲਕੀ ਸਾਹਿਬ ਦੀ ਸੇਵਾ ’ਚ ਹਿੱਸਾ, ਸ਼ਰਧਾ ਨਾਲ ਦਿੱਤਾ ਕੰਧਾ
ਆਪਣੀ ਅਧਿਆਤਮਿਕ ਯਾਤਰਾ ਦੌਰਾਨ ਰਾਜਪਾਲ ਕਟਾਰੀਆ ਨੇ ਸ੍ਰੀ ਪਾਲਕੀ ਸਾਹਿਬ ਦੀ ਸੇਵਾ ਵਿੱਚ ਵੀ ਭਾਗ ਲਿਆ। ਉਨ੍ਹਾਂ ਵੱਲੋਂ ਪਾਲਕੀ ਸਾਹਿਬ ਨੂੰ ਕੰਧਾ ਦਿੱਤਾ ਗਿਆ, ਜਿਸ ਰਾਹੀਂ ਗੁਰੂ ਸਾਹਿਬ ਪ੍ਰਤੀ ਡੂੰਘੀ ਸ਼ਰਧਾ ਅਤੇ ਨਿਮਰਤਾ ਦਾ ਪ੍ਰਗਟਾਵਾ ਹੋਇਆ। ਗੁਰੂ ਘਰ ਦੀ ਇਸ ਸੇਵਾ ਨੂੰ ਉਨ੍ਹਾਂ ਨੇ ਆਪਣੇ ਜੀਵਨ ਦਾ ਵਿਲੱਖਣ ਅਨੁਭਵ ਕਰਾਰ ਦਿੱਤਾ।
“ਇਹ ਅਨੁਭਵ ਸ਼ਬਦਾਂ ਤੋਂ ਪਰੇ ਹੈ” — ਰਾਜਪਾਲ
ਦਰਸ਼ਨਾਂ ਉਪਰਾਂਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅੱਜ ਉਹ ਆਪਣੇ ਆਪ ਨੂੰ ਬੇਹੱਦ ਧੰਨ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਉਹ ਪਹਿਲਾਂ ਵੀ ਦਰਬਾਰ ਸਾਹਿਬ ਆ ਚੁੱਕੇ ਹਨ, ਪਰ ਰਾਤ ਸਮੇਂ ਪਾਲਕੀ ਸਾਹਿਬ ਦੀ ਸੇਵਾ ਕਰਨ ਨਾਲ ਜੋ ਆਤਮਿਕ ਸੁਖ ਪ੍ਰਾਪਤ ਹੋਇਆ, ਉਹ ਬਿਆਨ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਹਰ ਵੱਡੀ ਜ਼ਿੰਮੇਵਾਰੀ ਤੋਂ ਪਹਿਲਾਂ ਗੁਰੂ ਸਾਹਿਬ ਦੀ ਰਹਿਮਤ ਲੈਣਾ ਉਨ੍ਹਾਂ ਲਈ ਸਭ ਤੋਂ ਵੱਡੀ ਤਾਕਤ ਹੈ।
ਨਸ਼ਿਆਂ ਖ਼ਿਲਾਫ਼ ਗੁਰਬਾਣੀ ਨੂੰ ਹਥਿਆਰ ਬਣਾਉਣ ਦੀ ਅਪੀਲ
ਪੰਜਾਬ ਦੇ ਹਾਲਾਤਾਂ ’ਤੇ ਗੱਲ ਕਰਦਿਆਂ ਰਾਜਪਾਲ ਨੇ ਨਸ਼ਿਆਂ ਦੀ ਸਮੱਸਿਆ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਨੂੰ ਇਸ ਬੁਰਾਈ ਤੋਂ ਬਚਾਉਣ ਲਈ ਗੁਰੂ ਸਾਹਿਬ ਦੇ ਉਪਦੇਸ਼ਾਂ ਅਤੇ ਗੁਰਬਾਣੀ ਦੇ ਸੰਦੇਸ਼ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਅਤਿ-ਆਵਸ਼ਕ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਗੁਰਬਾਣੀ ਦੀ ਸਿੱਖਿਆ ਨੂੰ ਜੀਵਨ ਦਾ ਹਿੱਸਾ ਬਣਾ ਲਿਆ ਜਾਵੇ, ਤਾਂ ਸਮਾਜਿਕ ਬੁਰਾਈਆਂ ਆਪੇ ਹੀ ਮਿਟਣ ਲੱਗ ਪੈਂਦੀਆਂ ਹਨ।

