ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਉਸ ਵੇਲੇ ਹਲਚਲ ਮਚ ਗਈ, ਜਦੋਂ ਗੁਰੂ ਨਾਨਕ ਹਸਪਤਾਲ ਤੋਂ ਇੱਕ ਜ਼ਖ਼ਮੀ ਗੈਂਗਸਟਰ ਦੇ ਫ਼ਰਾਰ ਹੋਣ ਦੀ ਖ਼ਬਰ ਸਾਹਮਣੇ ਆਈ। ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਐਨਕਾਊਂਟਰ ਦੌਰਾਨ ਕਾਬੂ ਕੀਤਾ ਗਿਆ ਗੈਂਗਸਟਰ ਮਨੀ ਪ੍ਰਿੰਸ ਇਲਾਜ਼ ਦੌਰਾਨ ਮੌਕਾ ਮਿਲਦੇ ਹੀ ਹਸਪਤਾਲ ਤੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ।
ਐਨਕਾਊਂਟਰ ‘ਚ ਜ਼ਖ਼ਮੀ ਹੋ ਕੇ ਹਸਪਤਾਲ ਪਹੁੰਚਿਆ ਸੀ
ਪੁਲਿਸ ਅਨੁਸਾਰ ਮਨੀ ਪ੍ਰਿੰਸ ਨੂੰ ਲੋਪੋਕੇ ਥਾਣੇ ਦੀ ਪੁਲਿਸ ਨੇ ਇੱਕ ਮੁਟਭੇੜ ਦੌਰਾਨ ਕਾਬੂ ਕੀਤਾ ਸੀ। ਕਾਰਵਾਈ ਦੌਰਾਨ ਉਸ ਦੇ ਪੈਰ ਵਿੱਚ ਗੋਲੀ ਲੱਗੀ, ਜਿਸ ਕਾਰਨ ਉਸ ਨੂੰ ਤੁਰੰਤ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਥੇ ਇਲਾਜ਼ ਦੌਰਾਨ ਹੀ ਉਹ ਪੁਲਿਸ ਨਿਗਰਾਨੀ ਤੋਂ ਬਚ ਕੇ ਫ਼ਰਾਰ ਹੋ ਗਿਆ।
ਤਰਨਤਾਰਨ ਤੇ ਅੰਮ੍ਰਿਤਸਰ ‘ਚ ਕਈ ਕੇਸ ਦਰਜ
ਗੈਂਗਸਟਰ ਮਨੀ ਪ੍ਰਿੰਸ ਖ਼ਿਲਾਫ਼ ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਦੱਸੇ ਜਾਂਦੇ ਹਨ। ਉਸ ਦਾ ਨਾਮ ਨਸ਼ਾ ਤਸਕਰੀ, ਫਿਰੌਤੀ ਅਤੇ ਹਥਿਆਰਾਂ ਨਾਲ ਜੁੜੀਆਂ ਵਾਰਦਾਤਾਂ ਨਾਲ ਜੋੜਿਆ ਜਾਂਦਾ ਰਿਹਾ ਹੈ।
ਨਸ਼ਾ ਮਾਮਲੇ ਤੋਂ ਖੁੱਲੀ ਗੈਂਗ ਦੀ ਪਰਤ
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 11 ਜਨਵਰੀ 2026 ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਥਾਣਾ ਕੰਬੋਹ ਦੇ ਅਧੀਨ ਇੱਕ ਨੌਜਵਾਨ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਤਲਾਸ਼ੀ ਦੌਰਾਨ 60 ਗ੍ਰਾਮ ਹੈਰੋਇਨ, ਲਗਭਗ 90 ਹਜ਼ਾਰ ਰੁਪਏ ਡਰੱਗ ਮਨੀ ਅਤੇ ਇੱਕ ਕਾਰ ਬਰਾਮਦ ਹੋਈ ਸੀ। ਪੁੱਛਗਿੱਛ ਵਿੱਚ ਮਨੀ ਪ੍ਰਿੰਸ ਅਤੇ ਗੁਰਪ੍ਰੀਤ ਸਿੰਘ ਉਰਫ਼ ਕ੍ਰਿਸ਼ਨ ਦੇ ਨਾਮ ਸਾਹਮਣੇ ਆਏ।
ਵਿਦੇਸ਼ ਬੈਠ ਕੇ ਚਲਾਈ ਜਾ ਰਹੀ ਸੀ ਗੈਂਗ
ਪੁਲਿਸ ਅਨੁਸਾਰ ਗੁਰਪ੍ਰੀਤ ਸਿੰਘ ਉਰਫ਼ ਕ੍ਰਿਸ਼ਨ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਮਨੀ ਪ੍ਰਿੰਸ ਰਾਹੀਂ ਪੰਜਾਬ ਵਿੱਚ ਤਸਕਰੀ ਅਤੇ ਫਿਰੌਤੀ ਵਰਗੀਆਂ ਗਤੀਵਿਧੀਆਂ ਨੂੰ ਅੰਜਾਮ ਦਿਵਾਉਂਦਾ ਸੀ। ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਖਾਸ ਸੂਚਨਾ ਮਿਲੀ ਸੀ।
ਰੋਪੜ ‘ਚ ਨਾਕਾਬੰਦੀ ਦੌਰਾਨ ਹੋਇਆ ਮੁੱਠਭੇੜ
ਡੀਐਸਪੀ ਡੀ ਨਾਗਰਾ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਰੋਪੜ ਇਲਾਕੇ ਵਿੱਚ ਨਾਕਾਬੰਦੀ ਕੀਤੀ। ਜਦੋਂ ਮਨੀ ਪ੍ਰਿੰਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਸ ਨੇ ਪੁਲਿਸ ਵੱਲ ਤਿੰਨ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ, ਜਿਸ ਦੌਰਾਨ ਮਨੀ ਪ੍ਰਿੰਸ ਦੇ ਪੈਰ ਵਿੱਚ ਗੋਲੀ ਲੱਗੀ।
ਹਥਿਆਰ ਤੇ ਕਾਰ ਬਰਾਮਦ, ਪਰ ਫ਼ਰਾਰੀ ਨੇ ਵਧਾਏ ਸਵਾਲ
ਮੁੱਠਭੇੜ ਵਾਲੀ ਥਾਂ ਤੋਂ ਇੱਕ ਪਿਸਟਲ ਅਤੇ ਕਾਰ ਬਰਾਮਦ ਕੀਤੀ ਗਈ ਸੀ। ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਹੁੰਚੇ ਮਨੀ ਪ੍ਰਿੰਸ ਦੀ ਫ਼ਰਾਰੀ ਨੇ ਹੁਣ ਪੁਲਿਸ ਪ੍ਰਬੰਧਾਂ ਅਤੇ ਸੁਰੱਖਿਆ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਪੁਲਿਸ ਵੱਲੋਂ ਫ਼ਰਾਰ ਗੈਂਗਸਟਰ ਦੀ ਤਲਾਸ਼ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਗਈ ਹੈ ਅਤੇ ਮਾਮਲੇ ਦੀ ਅੰਦਰੂਨੀ ਜਾਂਚ ਵੀ ਸ਼ੁਰੂ ਹੋ ਚੁੱਕੀ ਹੈ।

