ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ (ਇੰਡਸਟਰੀ) ਦੇ ਦੌਰੇ ਤਹਿਤ ਅੱਜ ਰਾਜ ਸਭਾ ਦੇ ਮੈਂਬਰਾਂ ਦੇ ਇੱਕ ਵੱਡੇ ਵਫ਼ਦ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਵੱਖ-ਵੱਖ ਰਾਜਨੀਤਕ ਪਾਰਟੀਆਂ ਨਾਲ ਸਬੰਧਿਤ ਲਗਭਗ 20 ਰਾਜ ਸਭਾ ਮੈਂਬਰ ਇਸ ਵਫ਼ਦ ਵਿੱਚ ਸ਼ਾਮਲ ਸਨ। ਗੁਰੂ ਘਰ ਵਿੱਚ ਹਾਜ਼ਰੀ ਭਰਦੇ ਹੋਏ ਵਫ਼ਦ ਵੱਲੋਂ ਪੰਜਾਬ ਦੀ ਚੜ੍ਹਦੀ ਕਲਾ, ਅਮਨ-ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।
ਉਦਯੋਗਕ ਸਥਿਤੀ ਦਾ ਅਧਿਐਨ ਮੁੱਖ ਮਕਸਦ
ਰਾਜ ਸਭਾ ਮੈਂਬਰ ਨੀਰਜ ਡਾਂਗੀ ਨੇ ਦੱਸਿਆ ਕਿ ਇਹ ਦੌਰਾ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੇ ਤਹਿਤ ਕੀਤਾ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਪੰਜਾਬ ਵਿੱਚ ਉਦਯੋਗਾਂ ਦੀ ਮੌਜੂਦਾ ਸਥਿਤੀ ਨੂੰ ਸਮਝਣਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾ ਕੇ ਗਰੀਬ ਵਰਗ ਅਤੇ ਨੌਜਵਾਨਾਂ ਨੂੰ ਉਦਯੋਗਕ ਖੇਤਰ ਨਾਲ ਜੋੜਨਾ ਇਸ ਦੌਰੇ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜੀਵਨ ਦਾ ਅਨੋਖਾ ਅਨੁਭਵ ਦੱਸਦੇ ਹੋਏ ਕਿਹਾ ਕਿ ਇੱਥੋਂ ਮਿਲਣ ਵਾਲੀ ਰੂਹਾਨੀ ਤਾਕਤ ਮਨੁੱਖ ਨੂੰ ਸਹੀ ਰਸਤੇ ’ਤੇ ਤੁਰਨ ਦੀ ਪ੍ਰੇਰਣਾ ਦਿੰਦੀ ਹੈ।
ਸ਼ਹੀਦਾਂ ਨੂੰ ਯਾਦ, ਪੰਜਾਬ ਦੀ ਭੂਮਿਕਾ ਉਭਾਰੀ
ਰਾਜ ਸਭਾ ਮੈਂਬਰ ਹਨੁਮਾਨ ਬੈਨੀਵਾਲ ਨੇ ਪੰਜਾਬ ਦੀ ਧਰਤੀ ਨੂੰ ਕੁਰਬਾਨੀ ਅਤੇ ਬਹਾਦਰੀ ਦੀ ਪ੍ਰਤੀਕ ਦੱਸਿਆ। ਉਨ੍ਹਾਂ ਭਗਤ ਸਿੰਘ, ਉਧਮ ਸਿੰਘ ਸਮੇਤ ਅਨੇਕਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬ ਦਾ ਯੋਗਦਾਨ ਅਮਿੱਟ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਵਫ਼ਦ ਵੱਲੋਂ ਜਲਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਨਸ਼ਾ ਮੁਕਤ ਪੰਜਾਬ ਦੀ ਅਰਦਾਸ
ਵਫ਼ਦ ਦੇ ਮੈਂਬਰਾਂ ਨੇ ਪੰਜਾਬ ਵਿੱਚ ਨਸ਼ੇ ਦੀ ਵਧ ਰਹੀ ਸਮੱਸਿਆ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿੱਚ ਅਰਦਾਸ ਕੀਤੀ ਗਈ ਹੈ ਕਿ ਪੰਜਾਬ ਨਸ਼ਾ ਮੁਕਤ ਬਣੇ ਅਤੇ ਨੌਜਵਾਨਾਂ ਨਾਲ ਨਾਲ ਕਿਸਾਨ ਵਰਗ ਤਰੱਕੀ ਦੇ ਰਾਹ ’ਤੇ ਅੱਗੇ ਵਧੇ।
ਅਟਾਰੀ ਬਾਰਡਰ ਸਮੇਤ ਹੋਰ ਸਥਾਨਾਂ ਦਾ ਦੌਰਾ
ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਇਲਾਵਾ ਵਫ਼ਦ ਦੇ ਕੁਝ ਮੈਂਬਰ ਅਟਾਰੀ ਬਾਰਡਰ ’ਤੇ ਰਿਟਰੀਟ ਸਮਾਰੋਹ ਦੇ ਦਰਸ਼ਨ ਕਰਨ ਵੀ ਪਹੁੰਚੇ। ਵਫ਼ਦ ਨੇ ਕਿਹਾ ਕਿ ਅੰਮ੍ਰਿਤਸਰ ਦਾ ਇਹ ਦੌਰਾ ਸਿਰਫ਼ ਉਦਯੋਗਕ ਵਿਚਾਰ-ਵਟਾਂਦਰੇ ਲਈ ਹੀ ਨਹੀਂ, ਸਗੋਂ ਗੁਰੂਆਂ ਦੀ ਪਵਿੱਤਰ ਧਰਤੀ ’ਤੇ ਨਤਮਸਤਕ ਹੋਣ ਕਰਕੇ ਵੀ ਯਾਦਗਾਰ ਬਣ ਗਿਆ ਹੈ।

