ਅੰਮ੍ਰਿਤਸਰ :- ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਪਰਕਰਮਾ ਨਾਲ ਸੰਬੰਧਤ ਕਥਿਤ ਏਆਈ (ਆਰਟੀਫਿਸ਼ੀਅਲ ਇੰਟੈਲੀਜੈਂਸ) ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਧਾਰਮਿਕ ਵਰਗਾਂ ਵਿੱਚ ਨਾਰਾਜ਼ਗੀ ਦੇ ਸੁਰ ਉੱਭਰੇ ਹਨ। ਸੋਸ਼ਲ ਮੀਡੀਆ ‘ਤੇ ਚਲ ਰਹੀਆਂ ਕੁਝ ਵੀਡੀਓਜ਼ ਵਿੱਚ ਮਰਿਆਦਾ ਦੇ ਉਲਟ ਦ੍ਰਿਸ਼ ਦਰਸਾਏ ਗਏ ਹਨ, ਜਿਨ੍ਹਾਂ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਹੈ।
ਜੁੱਤੇ ਪਹਿਨ ਕੇ ਪਰਕਰਮਾ ‘ਚ ਖੜ੍ਹੇ ਨੌਜਵਾਨ ਦਾ ਦ੍ਰਿਸ਼
ਇੱਕ ਵਾਇਰਲ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਨੌਜਵਾਨ ਜੁੱਤੇ ਪਹਿਨ ਕੇ ਪਵਿੱਤਰ ਪਰਕਰਮਾ ਵਿੱਚ ਖੜ੍ਹਾ ਹੈ ਅਤੇ ਬਾਅਦ ਵਿੱਚ ਇੱਕ ਕਾਰ ਆ ਕੇ ਉਸਨੂੰ ਲੈ ਜਾਂਦੀ ਹੈ। ਇਹ ਦ੍ਰਿਸ਼ ਸਿੱਖ ਮਰਿਆਦਾ ਦੇ ਖ਼ਿਲਾਫ਼ ਮੰਨਿਆ ਜਾ ਰਿਹਾ ਹੈ। ਦੂਜੀ ਵੀਡੀਓ ਵਿੱਚ ਦਰਬਾਰ ਸਾਹਿਬ ਦੇ ਸਰੂਪ ਨਾਲ ਛੇੜਛਾੜ ਕਰਕੇ ਬਦਲਿਆ ਹੋਇਆ ਦ੍ਰਿਸ਼ ਪੇਸ਼ ਕੀਤਾ ਗਿਆ ਹੈ। ਤੀਸਰੀ ਕਲਿੱਪ ਵਿੱਚ ਦਰਬਾਰ ਸਾਹਿਬ ਦੇ ਸਾਹਮਣੇ ਇਕ ਕਪਲ ਨੂੰ ਇਤਰਾਜ਼ਯੋਗ ਹਾਲਤ ਵਿੱਚ ਦਰਸਾਇਆ ਗਿਆ ਹੈ।
ਐਸਜੀਪੀਸੀ ਵੱਲੋਂ ਸਾਈਬਰ ਕ੍ਰਾਈਮ ਪੁਲਿਸ ਨੂੰ ਸ਼ਿਕਾਇਤ
ਇਨ੍ਹਾਂ ਵੀਡੀਓਜ਼ ਦੇ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਅੰਮ੍ਰਿਤਸਰ ਨੇ 29 ਜਨਵਰੀ ਨੂੰ ਭਾਰਤੀ ਨਿਆਂ ਸੰਹਿਤਾ ਦੀ ਧਾਰਾ 299 ਸਮੇਤ ਹੋਰ ਸੰਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਐਫਆਈਆਰ ਦੀ ਕਾਪੀ ਵੀ ਸਾਹਮਣੇ ਆ ਚੁੱਕੀ ਹੈ।
ਏਆਈ ਦੇ ਦੁਰਉਪਯੋਗ ‘ਤੇ ਨਿਗਰਾਨੀ ਲਈ ਸਬ-ਕਮੇਟੀ ਦਾ ਗਠਨ
ਐਸਜੀਪੀਸੀ ਨੇ ਏਆਈ ਤਕਨਾਲੋਜੀ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਪਹਿਲਾਂ ਹੀ ਇੱਕ ਵਿਸ਼ੇਸ਼ ਸਬ-ਕਮੇਟੀ ਬਣਾਈ ਹੋਈ ਹੈ। ਇਹ ਕਮੇਟੀ ਸੋਸ਼ਲ ਮੀਡੀਆ ਜਾਂ ਹੋਰ ਡਿਜ਼ੀਟਲ ਮਾਧਿਮਾਂ ‘ਤੇ ਧਾਰਮਿਕ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੀ ਸਮੱਗਰੀ ‘ਤੇ ਨਿਗਰਾਨੀ ਰੱਖੇਗੀ ਅਤੇ ਲੋੜੀਂਦੇ ਕਾਨੂੰਨੀ ਕਦਮਾਂ ਬਾਰੇ ਸੁਝਾਅ ਦੇਵੇਗੀ।
ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ ਵੀਡੀਓ ਬਣਾਉਣ ਤੇ ਅਪਲੋਡ ਕਰਨ ਵਾਲਿਆਂ ਦੀ ਪਛਾਣ ਲਈ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ।

