ਅੰਮ੍ਰਿਤਸਰ :- ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਕੰਪਲੈਕਸ ਵਿਚ ਲੰਮੇ ਸਮੇਂ ਤੋਂ ਨਾਜਾਇਜ਼ ਤੌਰ ‘ਤੇ ਐਬੂਲੈਂਸਾਂ ਤੇ ਆਟੋਜ਼ ਖੜ੍ਹੇ ਕੀਤੇ ਜਾ ਰਹੇ ਸਨ, ਜਿਸ ਕਾਰਨ ਹਸਪਤਾਲ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹਸਪਤਾਲ ਪ੍ਰਸ਼ਾਸਨ ਨੇ ਇਸ ਗੈਰ-ਕਾਨੂੰਨੀ ਪ੍ਰਥਾ ਵਿਰੁੱਧ ਪੁਲਸ ਦੇ ਸਹਿਯੋਗ ਨਾਲ ਵੱਡੀ ਕਾਰਵਾਈ ਕੀਤੀ ਹੈ।
ਮੈਡੀਕਲ ਸੁਪਰਡੈਂਟ ਨੇ ਦਿੱਤੀ ਜਾਣਕਾਰੀ
ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਕੰਪਲੈਕਸ ਵਿੱਚ ਲੱਗੀਆਂ ਪ੍ਰਾਈਵੇਟ ਐਬੂਲੈਂਸਾਂ ਅਤੇ ਆਟੋਜ਼ ਵੱਲੋਂ ਬੇਤਰਤੀਬੀ ਦਾ ਮਾਹੌਲ ਬਣਿਆ ਹੋਇਆ ਸੀ। ਨਾ ਸਿਰਫ਼ ਆਉਣ-ਜਾਣ ਵਾਲਿਆਂ ਨੂੰ ਮੁਸ਼ਕਲਾਂ ਆ ਰਹੀਆਂ ਸਨ, ਸਗੋਂ ਕਈ ਐਬੂਲੈਂਸ ਡਰਾਈਵਰ ਮਰੀਜ਼ਾਂ ਤੋਂ ਮਨਮਾਨੇ ਰੇਟ ਵਸੂਲ ਕਰਕੇ ਸ਼ੋਸ਼ਣ ਵੀ ਕਰ ਰਹੇ ਸਨ।
ਪੁਲਸ ਦੇ ਸਹਿਯੋਗ ਨਾਲ ਕਾਰਵਾਈ
ਡਾ. ਸਿੰਘ ਅਨੁਸਾਰ, ਪੁਲਸ ਪ੍ਰਸ਼ਾਸਨ ਦੀ ਮਦਦ ਨਾਲ 18 ਐਬੂਲੈਂਸਾਂ ਅਤੇ 12 ਆਟੋਜ਼ ਦੇ ਚਲਾਨ ਕੀਤੇ ਗਏ ਹਨ। ਇਹ ਕਾਰਵਾਈ ਹਸਪਤਾਲ ਦੇ ਕੰਪਲੈਕਸ ਵਿੱਚ ਬੇਲਗਾਮ ਪਈ ਭੀੜ ਨੂੰ ਕਾਬੂ ਕਰਨ ਅਤੇ ਮਰੀਜ਼ਾਂ ਲਈ ਸੁਚੱਜਾ ਮਾਹੌਲ ਬਣਾਉਣ ਵਾਸਤੇ ਕੀਤੀ ਗਈ ਹੈ।
ਚਿਤਾਵਨੀ ਜਾਰੀ
ਮੈਡੀਕਲ ਸੁਪਰਡੈਂਟ ਨੇ ਸਪਸ਼ਟ ਕੀਤਾ ਹੈ ਕਿ ਜੇ ਭਵਿੱਖ ਵਿੱਚ ਕੋਈ ਵੀ ਐਬੂਲੈਂਸ ਡਰਾਈਵਰ ਜਾਂ ਆਟੋ ਚਾਲਕ ਮਰੀਜ਼ਾਂ ਦਾ ਸ਼ੋਸ਼ਣ ਕਰਦਾ ਹੋਇਆ ਪਾਇਆ ਗਿਆ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਨਿਸ਼ਚਿਤ ਤੌਰ ‘ਤੇ ਕੀਤੀ ਜਾਵੇਗੀ।