ਅੰਮ੍ਰਿਤਸਰ :- ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਨਾਲ ਬੇਅਦਬੀ ਕਰਨ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਮੁਲਜ਼ਮ ਨੂੰ ਅਮ੍ਰਿਤਸਰ ਲਿਆਂਦਾ ਗਿਆ ਹੈ। ਪੁਲਿਸ ਨੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਸੁਣਵਾਈ ਤੋਂ ਬਾਅਦ ਅਦਾਲਤ ਨੇ ਤਿੰਨ ਦਿਨ ਦੀ ਪੁਲਿਸ ਰਿਮਾਂਡ ਮਨਜ਼ੂਰ ਕਰ ਦਿੱਤੀ ਹੈ।
ਘਟਨਾ ਸਬੰਧੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ‘ਤੇ ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਬੇਅਦਬੀ ਦਾ ਕੇਸ ਦਰਜ ਕੀਤਾ ਗਿਆ ਹੈ।
ਮੁਲਜ਼ਮ ਦੀ ਪਹਿਚਾਣ
ਪੁਲਿਸ ਮੁਤਾਬਕ ਮੁਲਜ਼ਮ ਦੀ ਪਹਿਚਾਣ ਦਿੱਲੀ ਨਿਵਾਸੀ ਸੁਬ੍ਹਾਨ ਰੰਗਰੇਜ਼ ਵਜੋਂ ਹੋਈ ਹੈ। ਉਹ 13 ਜਨਵਰੀ ਨੂੰ ਸ੍ਰੀ ਦਰਬਾਰ ਸਾਹਿਬ ਪਹੁੰਚਿਆ ਸੀ। ਇੱਥੇ ਉਸਨੇ ਪਵਿੱਤਰ ਸਰੋਵਰ ਦੇ ਕੋਲ ਬੈਠ ਕੇ ਕੁੱਲਾ ਕੀਤਾ ਅਤੇ ਮੂੰਹ ਵਿੱਚ ਪਾਣੀ ਭਰ ਕੇ ਉਥੇ ਹੀ ਥੁੱਕ ਦਿੱਤਾ।
ਵੀਡੀਓ ਬਣਵਾ ਕੇ ਘੁੰਮਦਾ ਰਿਹਾ
ਜਾਣਕਾਰੀ ਅਨੁਸਾਰ ਮੁਲਜ਼ਮ ਨੇ ਘਟਨਾ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਪਰਿਸਰ ਅੰਦਰ ਘੁੰਮਦਿਆਂ ਆਪਣੇ ਇਕ ਸਾਥੀ ਤੋਂ ਵੀਡੀਓ ਵੀ ਬਣਵਾਈ ਸੀ, ਜਿਸ ਤੋਂ ਬਾਅਦ ਮਾਮਲਾ ਸਾਹਮਣੇ ਆਇਆ।
ਗਾਜ਼ੀਆਬਾਦ ਤੋਂ ਹੋਈ ਗ੍ਰਿਫ਼ਤਾਰੀ
24 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਖੇ ਨਿਹੰਗ ਸਿੰਘਾਂ ਵੱਲੋਂ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਸੀ। ਉਸਦੀ ਕੁੱਟਮਾਰ ਤੋਂ ਬਾਅਦ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਸ ਸਮੇਂ ਤੋਂ ਉਹ ਗਾਜ਼ੀਆਬਾਦ ਪੁਲਿਸ ਦੀ ਹਿਰਾਸਤ ਵਿੱਚ ਸੀ।
ਅੱਜ ਅਮ੍ਰਿਤਸਰ ਲਿਆਂਦਾ ਗਿਆ
ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅੱਜ ਮੁਲਜ਼ਮ ਨੂੰ ਪੰਜਾਬ ਪੁਲਿਸ ਅਮ੍ਰਿਤਸਰ ਲੈ ਆਈ, ਜਿੱਥੇ ਅਦਾਲਤ ਨੇ ਉਸਨੂੰ ਤਿੰਨ ਦਿਨ ਦੀ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ।