ਅੰਮ੍ਰਿਤਸਰ :- ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਦੇਰ ਰਾਤ ਦਹਿਸ਼ਤ ਪੈਦਾ ਕਰਨ ਵਾਲੀ ਵਾਰਦਾਤ ਸਾਹਮਣੇ ਆਈ। ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵਿੱਚੋਂ ਇੱਕ ਨੇ ਰੈਸਟੋਰੈਂਟ ਅੰਦਰ ਦਾਖਲ ਹੋ ਕੇ ਮਾਲਕ ਆਸ਼ੂਤੋਸ਼ ਮਹਾਜਨ ‘ਤੇ ਲਗਾਤਾਰ ਛੇ ਗੋਲੀਆਂ ਚਲਾਈਆਂ। ਤਿੰਨ ਗੋਲੀਆਂ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋਇਆ ਅਤੇ ਹਸਪਤਾਲ ‘ਚ ਉਸਦੀ ਮੌਤ ਹੋ ਗਈ।
ਦੋਸ਼ੀ ਫਰਾਰ, ਪੁਲਸ ‘ਤੇ ਲਾਪਰਵਾਹੀ ਦੇ ਦੋਸ਼
ਗੋਲੀਬਾਰੀ ਤੋਂ ਬਾਅਦ ਦੋਸ਼ੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫਰਾਰ ਹੋ ਗਏ। ਰੈਸਟੋਰੈਂਟ ਦੇ ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਇੱਕ ਘੰਟਾ ਪਹਿਲਾਂ ਹੀ ਪੁਲਸ ਨੂੰ ਜਾਣਕਾਰੀ ਦਿੱਤੀ ਸੀ, ਪਰ ਸਮੇਂ ‘ਤੇ ਕਾਰਵਾਈ ਨਾ ਹੋਣ ਕਰਕੇ ਇਹ ਕਤਲ ਵਾਪਰ ਗਿਆ।
ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ
ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ਰਾਹੀਂ ਲਈ ਹੈ। ਪੁਲਸ ਨੇ ਕਿਹਾ ਹੈ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ ਅਤੇ ਜ਼ਿੰਮੇਵਾਰਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਾਂਚ ਸ਼ੁਰੂ, ਫਿਰੌਤੀ ਦੇ ਐੰਗਲ ‘ਤੇ ਵੀ ਸ਼ੱਕ
ਥਾਣਾ ਮੋਹਕਮਪੁਰਾ ਦੀ ਪੁਲਸ ਮੌਕੇ ‘ਤੇ ਪਹੁੰਚ ਕੇ ਜਾਂਚ ‘ਚ ਜੁਟ ਗਈ। ਸੀਸੀਟੀਵੀ ਫੁਟੇਜ ਕਬਜ਼ੇ ‘ਚ ਲੈ ਲਈ ਗਈ ਹੈ। ਏਸੀਪੀ ਡਾ. ਸ਼ੀਤਲ ਸਿੰਘ ਨੇ ਕਿਹਾ ਕਿ ਪਹਿਲੀ ਜਾਂਚ ‘ਚ ਫਿਰੌਤੀ ਜਾਂ ਬਿੱਲ ਦੇ ਲੈਣ-ਦੇਣ ਦਾ ਕੋਣ ਸਾਹਮਣੇ ਆ ਰਿਹਾ ਹੈ।