ਅੰਮ੍ਰਿਤਸਰ :- ਧਾਰਮਿਕ, ਇਤਿਹਾਸਕ ਅਤੇ ਸਾਂਸਕ੍ਰਿਤਿਕ ਪੱਖੋਂ ਵਿਸ਼ਵ ਭਰ ਵਿੱਚ ਮਸ਼ਹੂਰ ਸ਼ਹਿਰ ਅੰਮ੍ਰਿਤਸਰ ਅੱਜ ਇਕ ਗੰਭੀਰ ਵਾਤਾਵਰਣੀ ਸੰਕਟ ਦੇ ਦੌਰ ਵਿਚੋਂ ਲੰਘ ਰਿਹਾ ਹੈ। ਸ਼ਹਿਰ ਹੇਠਾਂ ਮੌਜੂਦ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਅਤੇ ਉਸਦੇ ਨਾਲ ਹੀ ਪਾਣੀ ਦੀ ਗੁਣਵੱਤਾ ਵੀ ਦਿਨੋਂਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਹਾਲਾਤ ਇੱਥੋਂ ਤੱਕ ਪਹੁੰਚ ਚੁੱਕੇ ਹਨ ਕਿ ਕਈ ਇਲਾਕਿਆਂ ਵਿੱਚ ਪੀਣ ਯੋਗ ਪਾਣੀ ਹੌਲੀ-ਹੌਲੀ ਜ਼ਹਿਰ ਵਿੱਚ ਤਬਦੀਲ ਹੋ ਰਿਹਾ ਹੈ, ਜੋ ਆਉਣ ਵਾਲੀਆਂ ਨਸਲਾਂ ਲਈ ਭਾਰੀ ਖ਼ਤਰਾ ਬਣ ਸਕਦਾ ਹੈ।
ਫੈਕਟਰੀਆਂ ਦੀ ਲਾਪ੍ਰਵਾਹੀ ਬਣੀ ਮੁੱਖ ਕਾਰਨ
ਮਹਾਨਗਰ ਵਿੱਚ ਵਧ ਰਹੇ ਪ੍ਰਦੂਸ਼ਣ ਲਈ ਕਈ ਉਦਯੋਗਿਕ ਇਕਾਈਆਂ ਦੀ ਗੰਭੀਰ ਲਾਪ੍ਰਵਾਹੀ ਮੁੱਖ ਕਾਰਨ ਮੰਨੀ ਜਾ ਰਹੀ ਹੈ। ਨਿਯਮਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕੁਝ ਫੈਕਟਰੀ ਮਾਲਕ ਗੰਦਾ ਅਤੇ ਰਸਾਇਣਕ ਪਾਣੀ ਬਿਨਾਂ ਕਿਸੇ ਸਾਫ਼-ਸੁਥਰੇ ਪ੍ਰਬੰਧ ਦੇ ਸਿੱਧਾ ਨਾਲਿਆਂ ਅਤੇ ਨਹਿਰਾਂ ਵਿੱਚ ਛੱਡ ਰਹੇ ਹਨ। ਹੋਰ ਵੀ ਚਿੰਤਾਜਨਕ ਗੱਲ ਇਹ ਹੈ ਕਿ ਕਈ ਥਾਵਾਂ ’ਤੇ ਸਮਰਸੀਬਲ ਪੰਪਾਂ ਰਾਹੀਂ ਇਹ ਜ਼ਹਿਰੀਲਾ ਪਾਣੀ ਧਰਤੀ ਦੇ ਅੰਦਰਲੇ ਸਰੋਤਾਂ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਜ਼ਮੀਨੀ ਪਾਣੀ ਪੂਰੀ ਤਰ੍ਹਾਂ ਦੂਸ਼ਿਤ ਹੋ ਰਿਹਾ ਹੈ।
ਸਿਹਤ ਲਈ ਵਧਦਾ ਜਾ ਰਿਹਾ ਖ਼ਤਰਾ
ਡਾਕਟਰੀ ਅਤੇ ਵਾਤਾਵਰਣ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਿਤ ਪਾਣੀ ਨਾਲ ਕੈਂਸਰ, ਚਮੜੀ ਰੋਗ, ਗੁਰਦੇ ਅਤੇ ਪੇਟ ਨਾਲ ਸਬੰਧਿਤ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ। ਖ਼ਾਸ ਕਰਕੇ ਛੋਟੇ ਬੱਚੇ, ਬਜ਼ੁਰਗ ਅਤੇ ਗਰਭਵਤੀ ਮਹਿਲਾਵਾਂ ਇਸਦਾ ਸਭ ਤੋਂ ਵੱਧ ਸ਼ਿਕਾਰ ਬਣ ਰਹੀਆਂ ਹਨ। ਜੇਕਰ ਇਹ ਹਾਲਾਤ ਅਜਿਹੇ ਹੀ ਰਹੇ, ਤਾਂ ਭਵਿੱਖ ਵਿੱਚ ਸਾਫ਼ ਪੀਣ ਵਾਲਾ ਪਾਣੀ ਲੱਭਣਾ ਵੀ ਮੁਸ਼ਕਿਲ ਹੋ ਸਕਦਾ ਹੈ।
ਪ੍ਰਸ਼ਾਸਨ ਨੂੰ ਦਿਖਾਉਣੀ ਪਵੇਗੀ ਸਖ਼ਤੀ
ਇਸ ਮਾਮਲੇ ’ਤੇ ਸਮਾਜ ਸੇਵਕ ਅਤੇ ਰਿਟਾਇਰ ਅਧਿਕਾਰੀ ਸੁਖਦੇਵ ਸਿੰਘ ਪੰਨੂ ਨੇ ਕਿਹਾ ਕਿ ਵਾਤਾਵਰਣ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੈਕਟਰੀਆਂ ਦੀ ਨਿਯਮਤ ਜਾਂਚ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਜਾਣ ਅਤੇ ਦੋਸ਼ੀ ਇਕਾਈਆਂ ਨੂੰ ਸੀਲ ਕਰਨ ਤੱਕ ਦੀ ਕਾਰਵਾਈ ਕੀਤੀ ਜਾਵੇ।
ਨਹਿਰਾਂ ਬਣ ਰਹੀਆਂ ਗੰਦੇ ਪਾਣੀ ਦੇ ਨਾਲੇ
ਕਦੇ ਪਵਿੱਤਰ ਮੰਨੀਆਂ ਜਾਣ ਵਾਲੀਆਂ ਅੰਮ੍ਰਿਤਸਰ ਨਾਲ ਲੱਗਦੀਆਂ ਨਹਿਰਾਂ ਅੱਜ ਉਦਯੋਗਿਕ ਗੰਦਗੀ ਕਾਰਨ ਕਾਲੀਆਂ ਦਿਸਣ ਲੱਗ ਪਈਆਂ ਹਨ। ਵਾਤਾਵਰਣ ਪ੍ਰੇਮੀਆਂ ਦਾ ਕਹਿਣਾ ਹੈ ਕਿ ਜੇਕਰ ਹਵਾ ਅਤੇ ਪਾਣੀ ਦੋਵੇਂ ਹੀ ਪ੍ਰਦੂਸ਼ਿਤ ਹੋ ਗਏ, ਤਾਂ ਆਮ ਇਨਸਾਨ ਲਈ ਸਿਹਤਮੰਦ ਜੀਵਨ ਅਸੰਭਵ ਹੋ ਜਾਵੇਗਾ। ਇਸ ਲਈ ਪਾਣੀ ਸੰਭਾਲ ਅਤੇ ਸਾਫ਼ੀ ਲਈ ਨਵੇਂ ਅਤੇ ਲੰਬੇ ਸਮੇਂ ਵਾਲੇ ਪ੍ਰਾਜੈਕਟ ਤੁਰੰਤ ਸ਼ੁਰੂ ਕਰਨੇ ਲਾਜ਼ਮੀ ਹਨ।
ਲੋਕੀ ਰੋਸ ਅਤੇ ਜਥੇਬੰਦੀਆਂ ਦੀ ਚੇਤਾਵਨੀ
ਇਸ ਗੰਭੀਰ ਮੁੱਦੇ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨ ਸੈੱਲ ਦੇ ਆਗੂ ਅਤੇ ਲੋਕ ਭਲਾਈ ਇਨਸਾਫ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਕਈ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਨੂੰ ਮੰਗ-ਪੱਤਰ ਸੌਂਪ ਕੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਇਕਾਈਆਂ ’ਤੇ ਨੱਥ ਪਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਲੋਕ ਇਕਜੁੱਟ ਹੋ ਕੇ ਆਵਾਜ਼ ਨਹੀਂ ਉਠਾਉਂਦੇ, ਤਦ ਤੱਕ ਇਸ ਸਮੱਸਿਆ ਦਾ ਸਥਾਈ ਹੱਲ ਸੰਭਵ ਨਹੀਂ।
ਅਦਾਲਤਾਂ ਵੀ ਜਤਾ ਚੁੱਕੀਆਂ ਨੇ ਚਿੰਤਾ
ਪਿਛਲੇ ਕੁਝ ਸਮੇਂ ਦੌਰਾਨ ਹਾਈ ਕੋਰਟ ਅਤੇ ਸਰਵੋਚ ਅਦਾਲਤ ਵੱਲੋਂ ਵੀ ਪਾਣੀ ਪ੍ਰਦੂਸ਼ਣ ਦੇ ਮਾਮਲਿਆਂ ’ਚ ਸਖ਼ਤ ਟਿੱਪਣੀਆਂ ਕੀਤੀਆਂ ਗਈਆਂ ਹਨ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਸਾਫ਼ ਪੀਣ ਵਾਲਾ ਪਾਣੀ ਹਰ ਨਾਗਰਿਕ ਦਾ ਮੂਲ ਅਧਿਕਾਰ ਹੈ। ਇਸ ਸਬੰਧੀ ਸੰਬੰਧਤ ਵਿਭਾਗਾਂ ਨੂੰ ਨਹਿਰੀ ਜ਼ਮੀਨਾਂ ’ਤੇ ਹੋ ਰਹੇ ਨਾਜਾਇਜ਼ ਨਿਕਾਸ ਅਤੇ ਗੈਰਕਾਨੂੰਨੀ ਕਬਜ਼ਿਆਂ ਦੀ ਵਿਸਥਾਰ ਨਾਲ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਅੱਜ ਨਹੀਂ ਸੰਭਲੇ ਤਾਂ ਕੱਲ੍ਹ ਬਹੁਤ ਦੇਰ ਹੋ ਜਾਵੇਗੀ
ਜੇਕਰ ਅਜੇ ਵੀ ਹਾਲਾਤਾਂ ਦੀ ਗੰਭੀਰਤਾ ਨੂੰ ਨਾ ਸਮਝਿਆ ਗਿਆ, ਤਾਂ ਭਵਿੱਖ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਸਭ ਤੋਂ ਵੱਡਾ ਸੰਕਟ ਬਣ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਵਾਤਾਵਰਣ ਸੁਰੱਖਿਆ ਨਾਲ ਜੁੜੇ ਪ੍ਰਾਜੈਕਟਾਂ ਵਿੱਚ ਨੌਜਵਾਨਾਂ ਨੂੰ ਸ਼ਾਮਲ ਕਰਕੇ ਰੋਜ਼ਗਾਰ ਦੇ ਨਾਲ-ਨਾਲ ਧਰਤੀ ਦੀ ਰੱਖਿਆ ਵੀ ਕੀਤੀ ਜਾ ਸਕਦੀ ਹੈ। ਹੁਣ ਸਮਾਂ ਆ ਗਿਆ ਹੈ ਕਿ ਸਰਕਾਰ, ਪ੍ਰਸ਼ਾਸਨ ਅਤੇ ਜਨਤਾ ਇਕਠੇ ਹੋ ਕੇ ਅੰਮ੍ਰਿਤਸਰ ਦੇ ਪਾਣੀ ਨੂੰ ਜ਼ਹਿਰ ਬਣਨ ਤੋਂ ਬਚਾਉਣ ਲਈ ਠੋਸ ਕਦਮ ਚੁੱਕਣ।

