ਅੰਮ੍ਰਿਤਸਰ :- ਪੱਤਰਕਾਰ ਭਾਈਚਾਰੇ ਲਈ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਸੀਨੀਅਰ ਪੱਤਰਕਾਰ ਹਰਜੀਤ ਸਿੰਘ ਗਰੇਵਾਲ ਜੌ ਕਿ ਪੰਜਾਬੀ ਲੋਕ ਚੈਨਲ ਦੇ ਸੀਨਿਅਰ ਰਿਪੋਰਟ ਸਨ, ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਖਬਰ ਦੀ ਕਵਰੇਜ ਲਈ ਏਅਰਪੋਰਟ ਰੋਡ ਵੱਲ ਜਾ ਰਹੇ ਸਨ।
ਜਾਣਕਾਰੀ ਅਨੁਸਾਰ ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਤੇ ਟਾਇਰ ਓਹਨਾਂ ਦੀ ਛਾਤੀ ਤੇ ਚੜ੍ਹ ਗਿਆ। ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਟਰੱਕ ਡਰਾਈਵਰ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਲਾਕਾ ਨਿਵਾਸੀਆਂ ਨੇ ਸੂਝ-ਬੂਝ ਨਾਲ ਡਰਾਈਵਰ ਅਤੇ ਹੇਲਪਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।
ਕਰੀਬ 44 ਸਾਲਾ ਹਰਜੀਤ ਗਰੇਵਾਲ ਆਪਣੇ ਪਿੱਛੇ ਪਤਨੀ ਅਤੇ ਤਿੰਨ ਨਾਬਾਲਿਗ ਬੱਚੇ ਛੱਡ ਗਏ ਹਨ। ਅਚਾਨਕ ਹੋਈ ਇਸ ਘਟਨਾ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਹਰਜੀਤ ਗਰੇਵਾਲ ਦੀ ਅਕਾਲ ਮੌਤ ਨਾਲ ਮੀਡੀਆ ਜਗਤ ਵਿੱਚ ਸੋਗ ਦੀ ਲਹਿਰ ਹੈ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਇਸ ਨੂੰ ਸੱਚੀ ਪੱਤਰਕਾਰਤਾ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਜਾ ਰਿਹਾ ਹੈ।

