ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਸਰਪੰਚ ਜਰਮਲ ਸਿੰਘ ਦੇ ਕਤਲ ਮਾਮਲੇ ਨੇ ਹੁਣ ਇੱਕ ਨਵਾਂ ਮੋੜ ਲੈ ਲਿਆ ਹੈ। ਪੰਜਾਬ ਪੁਲਿਸ ਨੇ ਕਈ ਦਿਨਾਂ ਦੀ ਗੁਪਤ ਜਾਂਚ ਅਤੇ ਤਕਨੀਕੀ ਨਿਗਰਾਨੀ ਤੋਂ ਬਾਅਦ ਦੋ ਉਹਨਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ‘ਤੇ ਸਿੱਧੇ ਤੌਰ ‘ਤੇ ਗੋਲੀਆਂ ਚਲਾਉਣ ਦੇ ਦੋਸ਼ ਹਨ।
ਛੱਤੀਸਗੜ੍ਹ ‘ਚ ਬਣੀ ਪਕੜ, ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ
ਪੁਲਿਸ ਅਨੁਸਾਰ ਦੋਵੇਂ ਮੁੱਖ ਦੋਸ਼ੀ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਛੁਪੇ ਹੋਏ ਸਨ, ਜਿੱਥੋਂ ਉਨ੍ਹਾਂ ਨੂੰ ਸਥਾਨਕ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਸੁਖਰਾਜ ਸਿੰਘ ਉਰਫ਼ ਗੰਗਾ (ਪੱਟੀ, ਤਰਨਤਾਰਨ) ਅਤੇ ਕਰਮਜੀਤ ਸਿੰਘ (ਗੁਰਦਾਸਪੁਰ) ਵਜੋਂ ਹੋਈ ਹੈ।
ਡੀ.ਜੀ.ਪੀ. ਦਾ ਬਿਆਨ, ਕੁੱਲ 7 ਦੋਸ਼ੀ ਹੱਥ ਆਏ
ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ ਦੋ ਛੱਤੀਸਗੜ੍ਹ, ਤਿੰਨ ਮੋਹਾਲੀ ਅਤੇ ਦੋ ਤਰਨਤਾਰਨ ਤੋਂ ਕਾਬੂ ਕੀਤੇ ਗਏ ਹਨ।
ਤਰਨਤਾਰਨ ਤੋਂ ਹੋਈਆਂ ਹੋਰ ਗ੍ਰਿਫ਼ਤਾਰੀਆਂ
ਤਰਨਤਾਰਨ ਪੁਲਿਸ ਵੱਲੋਂ ਕੁਲਵਿੰਦਰ ਸਿੰਘ ਉਰਫ਼ ਕਿੰਦਾ (ਪਿੰਡ ਕਲਸੀਆਂ ਕਲਾਂ), ਅਰਮਾਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਗ੍ਰਿਫ਼ਤਾਰੀਆਂ ਡਿਜ਼ੀਟਲ ਸਬੂਤਾਂ ਅਤੇ ਲਗਾਤਾਰ ਨਿਗਰਾਨੀ ਦੇ ਆਧਾਰ ‘ਤੇ ਸੰਭਵ ਹੋ ਸਕੀਆਂ।
ਵਿਦੇਸ਼ੀ ਹੈਂਡਲਰਾਂ ਦੀ ਭੂਮਿਕਾ ਸਾਹਮਣੇ
ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਤਲ ਦੀ ਯੋਜਨਾ ਪੰਜਾਬ ਤੋਂ ਬਾਹਰ ਬੈਠੇ ਕੁਝ ਵਿਅਕਤੀਆਂ ਵੱਲੋਂ ਤਿਆਰ ਕੀਤੀ ਗਈ ਸੀ, ਜਿਨ੍ਹਾਂ ਨੇ ਸਥਾਨਕ ਸ਼ੂਟਰਾਂ ਰਾਹੀਂ ਵਾਰਦਾਤ ਨੂੰ ਅੰਜਾਮ ਦਿਵਾਇਆ।
ਰਾਏਪੁਰ ਤੋਂ ਪੰਜਾਬ ਲਿਆਂਦੇ ਜਾ ਰਹੇ ਦੋਸ਼ੀ
ਦੋਵੇਂ ਮੁੱਖ ਸ਼ੂਟਰਾਂ ਦਾ 14 ਦਿਨਾਂ ਦਾ ਟ੍ਰਾਂਜ਼ਿਟ ਰਿਮਾਂਡ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਪੁੱਛਗਿੱਛ ਲਈ ਪੰਜਾਬ ਲਿਆਂਦਾ ਜਾ ਰਿਹਾ ਹੈ, ਤਾਂ ਜੋ ਕਤਲ ਨਾਲ ਜੁੜੀ ਸਾਜ਼ਿਸ਼ ਦੀ ਪੂਰੀ ਕੜੀ ਬੇਨਕਾਬ ਕੀਤੀ ਜਾ ਸਕੇ।
ਕਿਵੇਂ ਵਾਪਰੀ ਸੀ ਵਾਰਦਾਤ
ਜ਼ਿਕਰਯੋਗ ਹੈ ਕਿ 4 ਜਨਵਰੀ ਨੂੰ ਸਰਪੰਚ ਜਰਮਲ ਸਿੰਘ ਅੰਮ੍ਰਿਤਸਰ ਦੇ ਮੈਰੀ ਗੋਲਡ ਰਿਜ਼ੌਰਟ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਸਨ। ਸਮਾਗਮ ਦੌਰਾਨ ਹਮਲਾਵਰਾਂ ਨੇ ਨੇੜੇ ਆ ਕੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੰਭੀਰ ਹਾਲਤ ਵਿੱਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

