ਅੰਮ੍ਰਿਤਸਰ :- ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਪਾਕਿਸਤਾਨ ਨਾਲ ਜੁੜੇ ਸਰਹੱਦ ਪਾਰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਨੂੰ ਬੇਨਕਾਬ ਕੀਤਾ ਹੈ। ਪੁਲਸ ਨੇ 5 ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 12 ਪਿਸਤੌਲਾਂ (.30 ਬੋਰ) ਅਤੇ 1.5 ਕਿੱਲੋਗ੍ਰਾਮ ਹੈਰੋਇਨ ਕਬਜ਼ੇ ‘ਚ ਲਈ ਹੈ। ਇਸ ਬਾਰੇ ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ।
ਪਾਕਿਸਤਾਨੀ ਤਸਕਰਾਂ ਨਾਲ ਸੀ ਸਿੱਧਾ ਸੰਪਰਕ
ਪੁਲਸ ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜੋਬਨ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਪਾਕਿਸਤਾਨ ਆਧਾਰਿਤ ਤਸਕਰਾਂ ਨਾਲ ਸਿੱਧੇ ਸੰਪਰਕ ‘ਚ ਸਨ। ਦੋਵੇਂ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਤੋਂ ਹੁਕਮ ਲੈ ਕੇ ਹਥਿਆਰ ਅਤੇ ਨਸ਼ੀਲੇ ਪਦਾਰਥ ਪੰਜਾਬ ਪਹੁੰਚਾਉਂਦੇ ਸਨ। ਪੁਲਸ ਮੁਤਾਬਕ ਇਹ ਖ਼ੇਪਾਂ ਪੰਜਾਬ ‘ਚ ਗੈਂਗਵਾਰਾਂ ਲਈ ਵਰਤੀ ਜਾਣੀਆਂ ਸਨ।
ਥਾਣਾ ਗੇਟ ਹਕੀਮਾ ‘ਚ ਦਰਜ ਹੋਈ ਐੱਫ.ਆਈ.ਆਰ
ਇਸ ਪੂਰੇ ਮਾਮਲੇ ‘ਚ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਵਿਖੇ ਐੱਫ.ਆਈ.ਆਰ ਦਰਜ ਕਰ ਲਈ ਗਈ ਹੈ। ਪੁਲਸ ਵੱਲੋਂ ਦੱਸਿਆ ਗਿਆ ਹੈ ਕਿ ਗਿਰੋਹ ਦੇ ਹੋਰ ਮੈਂਬਰਾਂ ਅਤੇ ਉਨ੍ਹਾਂ ਦੇ ਸੰਪਰਕਾਂ ਬਾਰੇ ਜਾਂਚ ਜਾਰੀ ਹੈ।
ਨਸ਼ਾ ਮੁਕਤ ਤੇ ਅਪਰਾਧ ਰਹਿਤ ਪੰਜਾਬ ਦਾ ਵਚਨ
ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਸ ਸੰਗਠਿਤ ਅਪਰਾਧੀਆਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਵਚਨਬੱਧ ਹੈ, ਤਾਂ ਜੋ ਸੂਬੇ ਨੂੰ ਅਪਰਾਧ ਰਹਿਤ ਅਤੇ ਨਸ਼ਾ ਮੁਕਤ ਬਣਾਇਆ ਜਾ ਸਕੇ।