ਅੰਮ੍ਰਿਤਸਰ :- ਅੰਮ੍ਰਿਤਸਰ ਪੁਲਿਸ ਨੇ ਨਸ਼ੇ ਦੇ ਵਪਾਰ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਤੋਂ 12 ਕਿਲੋ ਅਫੀਮ, 6 ਹਜ਼ਾਰ ਨਸ਼ੀਲੀਆਂ ਗੋਲੀਆਂ, ਇੱਕ ਲਗਜ਼ਰੀ ਕਾਰ ਅਤੇ ਨਕਦੀ ਬਰਾਮਦ ਕੀਤੀ। ਗ੍ਰਿਫ਼ਤਾਰ ਸ਼ੱਕੀਆਂ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਹੈਰੀ (34) ਅਤੇ ਰਣਜੀਤ ਸਿੰਘ ਉਰਫ਼ ਰਾਣਾ (27), ਦੋਵੇਂ ਵਾਸੀ ਥਾਣਾ ਰਾਮਦਾਸ, ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ।
ਗੁਪਤ ਸੂਚਨਾ ‘ਤੇ ਹੋਈ ਕਾਰਵਾਈ
ਡੀਸੀਪੀ (ਜਾਂਚ) ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਗੋਲਡਨ ਗੇਟ ਨੇੜੇ ਨਾਕਾ ਲਗਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ। ਉਹ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਅਫੀਮ ਲੈ ਕੇ ਆ ਰਹੇ ਸਨ ਅਤੇ ਇਸ ਨੂੰ ਪੰਜਾਬ ‘ਚ ਸਪਲਾਈ ਕਰਨ ਦੀ ਯੋਜਨਾ ਬਣਾਈ ਹੋਈ ਸੀ।
ਪੁਰਾਣੇ ਕੇਸਾਂ ਵਿੱਚ ਵੀ ਨਾਮਜ਼ਦ
ਪੁਲਿਸ ਨੇ ਦੱਸਿਆ ਕਿ ਹਰਵਿੰਦਰ ਸਿੰਘ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਦੋਸ਼ੀ ਰਹਿ ਚੁੱਕਾ ਹੈ। ਉਸਦਾ ਭਰਾ ਗੁਰਪ੍ਰੀਤ ਸਿੰਘ ਇਸ ਵੇਲੇ 7 ਕਿਲੋ ਅਫੀਮ ਬਰਾਮਦਗੀ ਦੇ ਕੇਸ ‘ਚ ਜੇਲ੍ਹ ਵਿੱਚ ਬੰਦ ਹੈ। ਦੋਵੇਂ ਭਰਾ ਲੰਬੇ ਸਮੇਂ ਤੋਂ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਪੁਲਿਸ ਮੁਤਾਬਕ, ਹੈਰੀ 2022 ਤੋਂ ਇਸ ਗੈਰ-ਕਾਨੂੰਨੀ ਕਾਰੋਬਾਰ ਵਿੱਚ ਸਰਗਰਮ ਹੈ।
ਤਹਕੀਕਾਤ ਜਾਰੀ
ਪੁਲਿਸ ਵੱਲੋਂ ਦੋਵੇਂ ਗ੍ਰਿਫ਼ਤਾਰ ਦੋਸ਼ੀਆਂ ਨਾਲ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਸਪਲਾਈ ਨੈੱਟਵਰਕ ਅਤੇ ਹੋਰ ਸਾਥੀਆਂ ਬਾਰੇ ਪਤਾ ਲੱਗ ਸਕੇ।